8 ਪਿੰਡਾਂ ’ਚ 11 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਾਲਾਈ ਦੇ ਕੰਮਾਂ ਦੀ ਕੀਤੀ ਸ਼ੁਰੂਆਤ
ਪਿੰਡ ਕਾਂਗੜ ’ਚ 18.10 ਲੱਖ ਦੀ ਲਾਗਤ ਨਾਲ ਜਲ ਘਰ ਦੀ ਅਪਗ੍ਰੇਡੇਸ਼ਨ ਦਾ ਕੀਤਾ ਉਦਘਾਟਨ
ਕਾਂਗੜ (ਬਠਿੰਡਾ), 1 ਫਰਵਰੀ(ਜਗਮੀਤ ਚਹਿਲ)
ਸੂਬਾ ਸਰਕਾਰ ਵਲੋਂ ਆਮ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਿਸੇ ਵੀ ਪਿੰਡ ਨੂੰ ਪੀਣ ਵਾਲੇ ਸਾਫ਼ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਮਾਲ ਤੇ ਪੁਨਰਵਾਸ ਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਜੱਦੀ ਪਿੰਡ ਕਾਂਗੜ ਵਿਖੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਹਰ ਘਰ ਪਾਣੀ, ਹਰ ਘਰ ਸਫ਼ਾਈ’ ਮੁਹਿੰਮ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਏ ਵਰਚੂਅਲ ਪ੍ਰੋਗਰਾਮ ’ਚ ਸ਼ਮੂਲੀਅਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ.ਸ਼੍ਰੀਨਿਵਾਸਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਸ. ਕਾਂਗੜ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਦੇ ਆਮ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪਹਿਲ ਦੇ ਆਧਾਰ ’ਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜ਼ਿਲੇ ਦੇ ਹਰੇਕ ਪਿੰਡ ਤੇ ਗ਼ਰੀਬ ਤੱਕ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਵੱਧ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸ. ਕਾਂਗੜ ਨੇ ਦੱਸਿਆ ਕਿ ਪਿੰਡ ਗੁੰਮਟੀ ਕਲਾਂ ਵਿਖੇ 192 ਲੱਖ, ਸਲਾਬਤਪੁਰਾ ਵਿਖੇ 158 ਲੱਖ, ਜਲਾਲ ਵਿਖੇ 300 ਲੱਖ, ਦਿਆਲਪੁਰਾ ਮਿਰਜ਼ਾ 205 ਲੱਖ, ਗੁਰੂਸਰ 74 ਲੱਖ, ਹਮੀਰਗੜ 106 ਲੱਖ, ਬਸਤੀ ਸੁਰਜੀਤਪੁਰਾ ਵਿਖੇ 94 ਲੱਖ ਅਤੇ ਆਦਮਪੁਰਾ ਵਿਖੇ 52 ਲੱਖ ਰੁਪਏ ਖਰਚ ਕਰਕੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਉਪਰੰਤ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਵਲੋਂ ਹਲਕਾ ਰਾਮਪੁਰਾ ਫੂਲ ਦੇ 40 ਪਿੰਡਾਂ ਵਿੱਚ 120 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਂਝੇ ਪਖਾਨਿਆਂ (ਕਮਿਊਨਿਟੀ ਸੈਨੀਟਰੀ ਕੰਪਲੈਕਸ) ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਉਨਾਂ ਆਪਣੇ ਹੀ ਜੱਦੀ ਪਿੰਡ ਕਾਂਗੜ ਵਿਖੇ 18.10 ਲੱਖ ਰੁਪਏ ਦੀ ਲਾਗਤ ਨਾਲ ਜਲ ਘਰ ਦੀ ਅਪਗ੍ਰੇਡੇਸ਼ਨ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਉਨਾਂ ਦੇ ਨਾਲ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ.ਸੀ. ਸ਼੍ਰੀ ਸੁਰਿੰਦਰ ਸ਼ਰਮਾ, ਕਾਰਜਕਾਰੀ ਇੰਜੀਨੀਅਰ ਸ਼੍ਰੀ ਅਮਿਤ ਕੁਮਾਰ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਹਾਜ਼ਰ ਸਨ।