ਸੰਤ ਬਾਬਾ ਹਰਨਾਮ ਸਿੰਘ ਰੂਮੀ ਵਾਲਿਆਂ ਦੀ 93ਵੀਂ ਅਤੇ ਸੰਤ ਬਾਵਾ ਬਲਵਿੰਦਰ ਸਿੰਘ ਦੀ 9ਵੀਂ ਸਲਾਨਾ ਬਰਸੀ ਮਨਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ.ਭਰਤਇੰਦਰ ਸਿੰਘ ਚਹਿਲ ਹੋਏ ਨਤਮਸਤਕ
ਸੰਗਤਾਂ ਨੰੂ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਦਿੱਤਾ ਸੰਦੇਸ਼
ਮਲੂਕਾ (ਬਠਿੰਡਾ), 7 ਜਨਵਰੀ(ਜਗਮੀਤ ਸਿੰਘ)
ਜ਼ਿਲੇ ਅਧੀਨ ਪੈਂਦੇ ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਵਿਖੇ ਪਰਮ ਪੂਜਨੀਕ ਧੰਨ-ਧੰਨ 1008 ਸੰਤ ਬਾਬਾ ਮਹਾਂ ਹਰਨਾਮ ਸਿੰਘ (ਭੁੱਚੋ) ਰੂਮੀ ਵਾਲਿਆਂ ਦੀ 93ਵੀਂ ਅਤੇ ਧੰਨ-ਧੰਨ ਸੰਤ ਬਾਵਾ ਬਲਵਿੰਦਰ ਸਿੰਘ ਦੀ 9ਵੀਂ ਸਲਾਨਾ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਬਾਵਾ ਯਸਪ੍ਰੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਭਾਵ ਅਤੇ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ.ਭਰਤਇੰਦਰ ਸਿੰਘ ਚਹਿਲ ਵੱਲੋਂ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ ਗਈ।
ਇਸ ਬਰਸੀ ਸਮਾਗਮ ਦੌਰਾਨ ਸ੍ਰੀ ਰਾਮ ਟਿੱਲਾ ਵਿਖੇ ਪਿਛਲੇ ਦਿਨਾਂ ਤੋਂ ਪ੍ਰਕਾਸ਼ 151 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਨਿਰੰਤਰ ਲੜੀਆਂ ਵਿੱਚ ਭੋਗ ਪਾਏ ਗਏ। ਇਸ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ। ਜਿਸ ਦੌਰਾਨ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਇਲਾਹੀ ਬਾਣੀ ਰਾਹੀਂ ਪਹੁੰਚੀਆਂ ਸੰਗਤਾਂ ਨੰੂ ਨਿਹਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੰੂ ਅਤੁੱਟ ਲੰਗਰ ਵੀ ਵਰਤਾਏ ਗਏ
ਇਸ ਮੌਕੇ ਡੇਰਾ ਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸਪ੍ਰੀਤ ਸਿੰਘ ਨੇ ਇਸ ਧਾਰਮਿਕ ਸਮਾਗਮ ਦੌਰਾਨ ਪਹੁੰਚੀਆਂ ਸੰਗਤਾਂ ਨੰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਦਰਸਾਏ ਮਾਰਗ ਉੱਪਰ ਚੱਲਣ ਲਈ ਪ੍ਰੇਰਿਤ ਕਰਦਿਆਂ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੱਦਾ ਦਿੱਤਾ। ਉਨਾਂ ਸੰਗਤਾਂ ਨੰੂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਮਨੁੱਖਤਾ ਦੀ ਭਲਾਈ ਲਈ ਉਪਰਾਲੇ ਕਰਨ, ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਸੰਦੇਸ਼ ਵੀ ਦਿੱਤਾ। ਇਸ ਦੌਰਾਨ ਉਨਾਂ ਸਰਬੱਤ ਦੇ ਭਲੇ ਅਤੇ ਖੇਤੀ ਕਾਨੰੂਨਾਂ ਨੰੂ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਜਿੱਤ ਲਈ ਵੀ ਅਰਦਾਸ ਕੀਤੀ।
ਇਸ ਸਮਾਗਮ ਮੌਕੇ ਇਸ ਇਲਾਕੇ ਤੋਂ ਇਲਾਵਾ ਹੋਰ ਰਾਜਾਂ ਅਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਪੁੱਜੀਆ ਹੋਈਆਂ ਸਨ।