ਸਿੱਖਿਆ ਦੇ ਨਾਲ -ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਲਾਜ਼ਮੀ-ਵਿਧਾਇਕ ਬਣਾਂਵਾਲੀ
*ਝੁਨੀਰ ਵਿਖੇ ਬਲਾਕ ਪੱਧਰੀ ਖੇਡਾਂ ਦਾ ਆਗਾਜ਼
ਝੁਨੀਰ/ਮਾਨਸਾ, 07 ਸਤੰਬਰ:
ਸਿੱਖਿਆ ਦੇ ਨਾਲ ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਅਤੇ ਹੋਰ ਗਲਤ ਆਦਤਾਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਨੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਐਨਲਾਈਟੈਂਡ ਗਰੁੱਪ ਆੱਫ ਕਾਲਜਜ਼ ਝੁਨੀਰ ਵਿਖੇ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰ ਨਵਜੋਤ ਸਿੰਘ ਧਾਲੀਵਾਲ ਵੀ ਮੌਜੂਦ ਸਨ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਦੇਸ਼ ਦੀ ਤਰੱਕੀ ਲਈ ਜਵਾਨੀ ਨੂੰ ਸਹੀ ਸੇਧ ਦੇਣਾ ਅਤੇ ਚੰਗੇ ਰਾਹ ‘ਤੇ ਤੋਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਖਿਡਾਰੀ ਦਾ ਸਰੀਰਕ ਤੇ ਮਾਨਸਿਕ ਵਿਕਾਸ ਕਰਦੀਆਂ ਹਨ ਉੱਥੇ ਹੀ ਉਸ ਨੂੰ ਇਕ ਚੰਗਾ ਨਾਗਰਿਕ ਵੀ ਬਣਾਉੰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਪ੍ਰਿੰਸੀਪਲ ਸ੍ਰੀ ਹਰਿੰਦਰ ਭੁੱਲਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ
ਐਨਲਾਈਟੈਂਡ ਗਰੁੱਪ ਆੱਫ ਕਾਲਜਜ਼ ਝੁਨੀਰ ਵਿਖੇ ਸਪੋਰਟਸ ਸਬੰਧੀ ਕੋਰਸ ਅਤੇ ਡਿਗਰੀ ਵੀ ਕਰਵਾਈ ਜਾਂਦੀ ਹੈ। ਖੇਡਾਂ ਵਿਚ ਰੁਚੀ ਰੱਖਣ ਵਾਲੇ ਨੌਜਵਾਨ ਇੱਥੇ ਦਾਖਲਾ ਲੈ ਸਕਦੇ ਹਨ।
ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 60 ਮੀਟਰ ਰੇਸ ਲੜਕੇ ਵਿੱਚ ਹਰਵਿੰਦਰ ਸਿੰਘ ਦਲੀਏਵਾਲੀ ਪਹਿਲੇ ਅਤੇ ਹਰਮਨਦੀਪ ਸਿੰਘ ਦੂਜੇ ਸਥਾਨ ਤੇ ਰਹੇ। 60 ਮੀਟਰ ਲੜਕੀਆਂ ਵਿੱਚ ਖੁਸ਼ਦੀਪ ਕੌਰ ਪਹਿਲੇ ਅਤੇ ਲਵਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ। ਲੰਬੀ ਛਾਲ ਲੜਕੀਆਂ ਵਿੱਚ ਲਵਪ੍ਰੀਤ ਕੌਰ ਪਹਿਲੇ ਅਤੇ ਸਮਰੀਨ ਕੌਰ ਦੂਜੇ ਸਥਾਨ ਤੇ ਰਹੇ। 600 ਮੀਟਰ ਦੌੜ ਲੜਕੇ ਵਿੱਚ ਅੰਮ੍ਰਿਤਪਾਲ ਸਿੰਘ ਪਹਿਲੇ ਅਤੇ ਸਲਮਾਨ ਖਾਨ ਦੂਜੇ ਸਥਾਨ ਤੇ ਰਹੇ। ਅੰਡਰ-14 ਲੜਕੇ ਫੁੱਟਬਾਲ ਵਿਚ ਪਹਿਲਾ ਸਥਾਨ ਸਾਹਨੇਵਾਲੀ ਦੂਸਰਾ ਸਥਾਨ ਬਾਜੇਵਾਲਾ ਅਤੇ ਅੰਡਰ-14 ਲੜਕੀਆਂ ਫੁੱਟਬਾਲ ਵਿਚ ਪਹਿਲਾ ਸਥਾਨ ਸ.ਸ.ਸ ਬਾਜੇਵਾਲਾ ਨੇ ਹਾਸਲ ਕੀਤਾ।
ਇਸ ਮੌਕੇ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਰਾਜਦੀਪ ਸਿੰਘ, ਗੁਰਮੀਤ ਸਿੰਘ ਅਤੇ ਬੇਅੰਤ ਕੌਰ ਮੌਜੂਦ ਸਨ।