ਮੁਕਤਸਰ ਵਿਖੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਅਨੁਸਾਰ ਕਾਂਗਰਸ ਨੇ ਮਾਰੀ ਬਾਜ਼ੀ
ਸ੍ਰੀ ਮੁਕਤਸਰ ਸਾਹਿਬ, 17 ਫਰਵਰੀ( ਪਰਗਟ ਸਿੰਘ )
ਨਗਰ ਕੌਂਸਲ ਚੋਣਾਂ ’ਚ ਅੱਜ ਦੁਪਹਿਰ ਸਮੇਂ ਵੋਟਾਂ ਦੀ ਗਿਣਤੀ ਕੀਤੀ ਗਈ । ਨਤੀਜਿਆਂ ਅਨੁਸਾਰ ਪੂਰੇ ਜ਼ਿਲ੍ਹੇ ਭਰ ’ਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰੀ ਹੈ । ਕਾਂਗਰਸ ਪਾਰਟੀ ਨੇ ਜ਼ਿਲ੍ਹੇ ’ਚ 49 ਸੀਟਾਂ ਦੇ ਜਿੱਤ ਪ੍ਰਾਪਤ ਕੀਤੀ ਜਦਕਿ ਵਿਰੋਧੀ ਧਿਰ ਅਕਾਲੀ ਦਲ ਪਾਰਟੀ ਨੂੰ 19 ਸੀਟਾਂ ਪ੍ਰਾਪਤ ਹੋ ਸਕੀਆਂ। ਮੁਕਤਸਰ ’ਚ 31 ਵਾਰਡਾਂ ’ਚੋਂ ਕਾਂਗਰਸ ਦੇ 17 ਉਮੀਦਵਾਰ ਜੇਤੂ ਰਹੇ ਜਦਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 10 ਸੀਟਾਂ, ਆਮ ਆਦਮੀ ਪਾਰਟੀ 2, ਭਾਜਪਾ 1 ਅਤੇ ਅਜਾਦ ਉਮੀਦਵਾਰ 1 ਜੇਤੂ ਰਿਹਾ। ਮਲੋਟ ’ਚ 27 ਵਾਰਡਾਂ ’ਚੋਂ ਕਾਂਗਰਸ ਦੇ 14 ਉਮੀਦਵਾਰ ਜੇਤੂ ਰਹੇ ਜਦਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ 9 ਉਮੀਦਵਾਰ ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ। ਗਿੱਦੜਬਾਹਾ ’ਚ ਚੋਣ ਲੜ ਰਹੇ ਕੁੱਲ 19 ਉਮਦੀਵਾਰਾਂ ’ਚੋਂ ਕਾਂਗਰਸ ਪਾਰਟੀ ਦੇ 18 ਉਮੀਦਵਾਰ ਜੇਤੂ ਰਹੇ ਜਦਕਿ ਇਕ ਅਜ਼ਾਦ ਉਮੀਦਵਾਰ ਜੇਤੂ ਰਿਹਾ। ਗਿੱਦੜਬਾਹਾ ਵਿਖੇ ਕਾਂਗਰਸ ਪਾਰਟੀ ’ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਾਂਗਰਸ ਪਾਰਟੀ ਨੇ ਧੱਕੇ ਨਾਲ ਪਾਰਟੀ ਉਮੀਦਵਾਰਾਂ ਦੇ ਕਾਗਜ ਰੱਦ ਕਰਵਾਏ ਹਨ। ਕਾਂਗਰਸ ਪਾਰਟੀ ਵੱਲੋਂ ਦੋਸ਼ਾਂ ਨੂੰ ਝੂਠੇ ਦੱਸਿਆ ਗਿਆ ਸੀ। ਜੇਤੂ ਉਮੀਦਵਾਰਾਂ ਵੱਲੋਂ ਅੱਜ ਖੁਸ਼ੀ ’ਚ ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਜੇਤੂ ਉਮੀਦਵਾਰਾਂ ਦੇ ਘਰਾਂ ’ਚ ਵਧਾਈਆਂ ਦੇਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਉਮੀਦਵਾਰਾਂ ਦੇ ਸਮੱਰਥਕਾਂ ਵੱਲੋਂ ਗਲਾਂ ’ਚ ਹਾਰ ਪਾ ਕੇ ਜੇਤੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜੇਤੂ ਉਮੀਦਵਾਰਾਂ ਦੇ ਸਮੱਰਥਕ ਸ਼ਹਿਰ ’ਚ ਢੋਲ ਦੇ ਡੱਗੇ ’ਤੇ ਨੱਚਦੇ ਖੁਸ਼ੀ ਮਨਾਉਂਦੇ ਦਿਖਾਈ ਦਿੱਤੇ।