ਨਾਵਲ ਨਿੱਕੇ ਨਿੱਕੇ ਅਸਮਾਨ: ਬਿਰਤਾਂਤਕ ਗਲਪੀ ਚੇਤਨਾ ਦੇ ਸਰੋਕਾਰ
ਨਾਵਲਕਾਰ ਨਛੱਤਰ ਪੰਜਾਬੀ ਦੇ ਉਨ੍ਹਾਂ ਸੂਝਵਾਨ ਸਮਕਾਲੀ ਗਲਪਕਾਰਾਂ ਵਿਚੋਂ ਹੈ, ਜਿਨ੍ਹਾਂ ਨੇ ਗਲਪ ਸਿਰਜਣਾ ਦੇ ਨਵੇਂ ਪ੍ਰਤਿਮਾਨ ਸਥਾਪਿਤ ਕਰਨ ਦਾ ਉੱਦਮ ਕੀਤਾ ਹੈ। ਉਸ ਨੇ ਪੰਜਾਬੀ ਸਮਾਜ-ਸਭਿਆਚਾਰ ਦੀ ਮੌਜੂਦਾ ਜਟਿਲ ਸਥਿਤੀ ਅਤੇ ਮਾਨਵੀ ਰਿਸ਼ਤਿਆਂ ਦੀ ਤਬਦੀਲ ਹੋ ਰਹੀ ਨੁਹਾਰ ਨੂੰ ਬੜੀ ਸੁਹਿਰਦਤਾ ਨਾਲ ਪ੍ਰਸਤੁਤ ਕਰਨ ਦਾ ਕਲਾਤਮਕ ਉਪਰਾਲਾ ਕੀਤਾ ਹੈ। ਉਸ ਦੀ ਗਲਪੀ-ਵਿਲੱਖਣਤਾ ਦਾ ਮੂਲ ਆਧਾਰ ਜੀਵਨ-ਅਨੁਭਵ ਦੇ ਯਥਾਰਥਕ ਪੱਖਾਂ ਨੂੰ ਬਿਰਤਾਂਤ ਦੇ ਸੰਗਠਨ ਰਾਹੀਂ ਮੂਰਤੀਮਾਨ ਕਰਨ ਵਿਚ ਨਿਹਿਤ ਹੈ। ਲੇਖਕ ਨੇ ਆਪਣੇ ਸਾਹਿਤਕ ਸਫ਼ਰ ਦਾ ਆਰੰਭ ‘ਧੁਖਦੇ ਚਿਹਰੇ’ ਕਹਾਣੀ ਸੰਗ੍ਰਹਿ ਨਾਲ ਕੀਤਾ, ਇਸ ਉਪਰੰਤ, ‘ਤੀਲਾ ਤੀਲਾ’, ‘ਜਿਉਣ ਜੋਗੇ ‘, ‘ਘੁੰਮਣ ਘੇਰੀ’, ਅਤੇ ‘ ਹਾਰ ਜਿੱਤ’,ਕਹਾਣੀ-ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਸ ਤੋਂ ਇਲਾਵਾ ‘ਬੁੱਢੀ ਸਦੀ ਦਾ ਮਨੁੱਖ ‘, ‘ਬਾਕੀ ਦਾ ਸੱਚ’, ਹਨੇਰੀਆ ਗਲੀਆਂ, ਸਲੋਅ ਡਾਊਨ ਅਤੇ ਕੈਂਸਰ ਟਰੇਨ ਨਾਵਲ ਪ੍ਰਕਾਸ਼ਿਤ ਹੋਏ। ਇਨ੍ਹਾਂ ਬਿਰਤਾਂਤਕ ਗਲਪੀ ਰਚਨਾਵਾਂ ਵਿਚ ਨਛੱਤਰ ਨੇ ਦਲਿਤ-ਚੇਤਨਾ ਦੇ ਰੂਪਾਂਤਰਣ ਨਾਲ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ। ‘ਨਿੱਕੇ ਨਿੱਕੇ ਅਸਮਾਨ’ 2004 ਵਿਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਨਾਵਲੀ ਸਿਰਜਣਾ ਹੈ।
ਵਿਚਾਰਧੀਨ ਨਾਵਲੀ-ਰਚਨਾ ਦੇ ਵਿਸ਼ੈਗਤ ਸਰੋਕਾਰ ਦਾ ਬੁਨਿਆਦੀ ਆਧਾਰ ਦਲਿਤ ਚੇਤਨਾ ਹੈ। ਇਹ ਜ਼ਿਕਰਯੋਗ ਹੈ ਕਿ ਇਹ ਨਾਵਲ ਨਿਰੋਲ ਦਲਿਤ ਦੇ ਯਥਾਰਥ ਦੇ ਪ੍ਰਸਤੁਤੀਕਰਨ ਤੱਕ ਹੀ ਸੀਮਤ ਨਹੀ, ਸਗੋਂ ਵਰਤਮਾਨ ਆਰਥਿਕ ਸੰਕਟ ਗ੍ਰਸਤ ਨਿਮਨ-ਕਿਸਾਨੀ ਦਾ ਬਿਰਤਾਂਤਕ-ਪਾਠ ਵੀ ਉਸਾਰਦਾ ਹੈ। ਇਸ ਤੋਂ ਬਿਨਾਂ ਇਸ ਰਚਨਾ-ਪਾਠ ਵਿੱਚ ਪੇਂਡੂ ਭਾਈਚਾਰੇ ਦੀ ਪ੍ਰਤਿਨਿਧਤਾ ਕਰਨ ਵਾਲੀਆ ਵੱਖ ਵੱਖ ਜਾਤਾਂ ਦੀ ਸਮੱਸਿਆ ਨੂੰ ਕਲਾਮਈ ਢੰਗ ਨਾਲ ਉਲੀਕਿਆ ਹੈ। ਸਵੈਂ-ਸਪੱਸ਼ਟ ਹੈ ਕਿ ਇਸ ਨਾਵਲ ਦੀ ਗਲਪੀ ਚੇਤਨਾ ਸੰਕਟਕਾਲੀਨ ਸਮਕਾਲੀ ਯਥਾਰਥ ਦੀਆਂ ਵਿਭਿੰਨ ਅਰਥਗਤ ਪਰਤਾਂ ਨੂੰ ਫਰੋਲਣ ਵਲ ਅਗਰਸਰ ਹੈ। ਨਾਵਲਕਾਰ ਨਛੱਤਰ ‘ਨਿੱਕੇ ਨਿੱਕੇ ਅਸਮਾਨ’ ਨਾਵਲ ਵਿੱਚ ਇਕ ਅਜਿਹੇ ਵਿਲੱਖਣ ਜਿਹੇ ਘਟਨਾ-ਕ੍ਰਮ ਨੂੰ ਗਲਪੀ-ਬਿੰਬ ਵਿਚ ਢਾਲਦਾ ਹੈ ਜਿਸ ਦੀ ਅਰਥ-ਸਾਰਥਕਤਾ ਨੂੰ ਗ੍ਰਹਿਣ ਕਰਨ ਵਿਚ ਪਾਠਕ ਨੂੰ ਕੋਈ ਦਿੱਕਤ ਨਹੀਂ ਆਉਂਦੀ।
ਡਾ. ਜਗਬੀਰ ਸਿੰਘ ਦੀ ਧਾਰਨਾ ਹੈ ਕਿ ” ਨਾਵਲੀ ਰਚਨਾ ਮੂਲ ਰੂਪ ਵਿੱਚ ਬਿਰਤਾਂਤ ਦੀ ਵਿਧੀ ਰਾਹੀਂ ਮਨੁੱਖ ਦੇ ਸਮਾਜਿਕ ਵਰਤਾਰੇ ਅਤੇ ਵਿਹਾਰ ਦਾ ਅਜਿਹਾ ਪ੍ਰਤੀਕਾਤਮਕ ਸੰਗਠਨ ਉਸਾਰਨ ਦੀ ਕਲਾ ਹੈ”। 1
ਜਦੋਂ ਅਸੀਂ ਨਾਵਲੀ ਸਿਰਜਣਾ ਦੀ ਵਸਤੂ, ਵਿਧੀ ਅਤੇ ਦ੍ਰਿਸ਼ਟੀ ਵੱਲ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਇਹ ਇਕ ਅਜਿਹੀ ਗਲਪੀ ਸਿਰਜਣਾ ਸਿੱਧ ਹੁੰਦੀ ਹੈ ਜਿਸ ਦੇ ਸਿਰਜਿਤ -ਸੰਸਾਰ ਵਿਚ ਰੁਮਾਨੀ ਪਿਆਰ ਸੰਬੰਧ ਅਤੇ ਜਾਤੀਗਤ ਸਰੋਕਾਰਾਂ ਵਿਚਕਾਰ ਸੰਘਰਸ਼, ਟਕਰਾਉ ਅਤੇ ਦਵੰਦ ਉਜਾਗਰ ਹੁੰਦਾ ਹੈ। ਇਸ ਮਨੋਰਥ ਦੀ ਪੂਰਤੀ ਲਈ ਨਾਵਲਕਾਰ ਨੇ ਅੰਤਰ-ਜਾਤੀ ਪਿਆਰ ਅਤੇ ਸੈਕਸ ਸਰੋਕਾਰਾਂ ਨੂੰ ਸਿਰਜਣਭੂਮੀ ਦਾ ਆਧਾਰ ਬਣਾਇਆ ਹੈ। ਜੇਕਰ ਇਸ ਨਾਵਲੀ ਸਿਰਜਣਾ ਵਿਚਲੇ ਪਿਆਰ ਸੰਬੰਧ ਰੁਮਾਂਸ ਭਾਵਨਾ ਦੀ ਪੈਦਾਵਾਰ ਹਨ ਤਾਂ ਸੈਕਸ ਸੰਬੰਧ ਅਮੋੜ ਕਾਮਨਾ ਜਾਂ ਵਿਦਰੋਹੀ ਸੁਰ ਦੀ ਉਪਜ ਜਾਪਦੇ ਹਨ। ਅਹਿਮ ਗੱਲ ਇਹ ਹੈ ਕਿ ਇਸ ਵਿਚ ਪਿਆਰ ਅਤੇ ਸੈਕਸ ਦਾ ਸਰੋਕਾਰ ਤਣਾਉਸ਼ੀਲ ਜਾਤੀਗਤ ਰਿਸ਼ਤਿਆਂ ਲਈ ਨਿਰਖ-ਪਰਖ ਦੀ ਕਸਵੱਟੀ ਹੋ ਨਿਬੜਦਾ ਹੈ। ਸਵੈ-ਸਪੱਸ਼ਟ ਹੈ ਕਿ ਇਹ ਨਾਵਲੀ-ਪਾਠ ਸਦੀਆਂ ਤੋਂ ਚਲੀ ਆ ਰਹੀ ਵਰਣ-ਵਿਵਸਥਾ ਦੇ ਰੂੜ੍ਹੀਗਤ ਕਿਰਦਾਰ ਨੂੰ ਹੀ ਨਹੀਂ ਉਲੀਕਦਾ ਸਗੋਂ ਆਰਥਿਕ ਸੰਕਟ ਦੀ ਅਜੋਕੀ ਸਥਿਤੀ ਵਿੱਚ ਜਾਤੀਗਤ ਸੰਸਕਾਰਾਂ ਦੀ ਵਿਡੰਬਨਾ ਨੂੰ ਪੇਸ਼ ਕਰਨ ਵਿਚ ਵਧੇਰੇ ਸਫ਼ਲ ਨਜ਼ਰ ਆਉਂਦਾ ਹੈ।
ਨਾਵਲੀ ਵਿਚਾਰਧਾਰਕ ਪ੍ਰਵਚਨ ਦਾ ਅਹਿਮ ਵਿਵੇਕ ਇਹ ਹੈ ਕਿ ਜਾਤੀਗਤ ਹਊਮੈ ਅਤੇ ਤ੍ਰਿਸਕਾਰ ਦੀਆਂ ਭਾਵਨਾਵਾਂ ਦੀ ਪਿੱਠਭੂਮੀ ਵਿਚ ਦਲਿਤ ਸ਼੍ਰੇਣੀ ਦਾ ਇਤਿਹਾਸਕ ਸ਼ੋਸਣ ਅਤੇ ਦਮਨ ਕਾਰਜਸ਼ੀਲ ਹੈ ਜਿਸ ਦੀ ਬੁਨਿਆਦ ਜਾਤੀ-ਆਧਾਰਿਤ ਰਵਾਇਤੀ ਕੰਮ-ਧੰਦਿਆਂ ਉੱਤੇ ਟਿਕੀ ਹੋਈ ਹੈ। ਜਦੋਂ ਦਲਿਤ ਸ਼੍ਰੇਣੀਆਂ ਦੇ ਨਵੇਂ ਵਸੀਲਿਆਂ ਵਿਚੋਂ ਉਭਰਨ ਲਈ ਰਵਾਇਤੀ ਕੰਮ-ਧੰਦੇ ਛੱਡ ਕੇ ਰੋਜ਼ਗਾਰ ਲਈ ਨਵੇਂ-ਸਾਧਨਾਂ ਦੀ ਤਲਾਸ਼ ਕੀਤੀ ਜਾਣ ਲੱਗੀ ਤਾਂ ਇਸ ਨਾਲ ਜਿਥੇ ਉਨ੍ਹਾਂ ਦੀ ਆਰਥਿਕ ਹੈਸੀਅਤ ਵਿਚ ਹੀ ਤਬਦੀਲੀ ਹੀ ਨਹੀ ਵਾਪਰੀ, ਸਗੋਂ ਸਮਾਜਿਕ ਦਰਜੇਬੰਦੀ ਦੀ ਜਕੜਣ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਅਜਿਹੀ ਅਵਸਥਾ ਵਿੱਚ ਜਿੱਥੇ ਦਲਿਤ ਮਨ ਵਿਚ ਸਵੈ-ਵਿਸ਼ਵਾਸ ਦੀ ਭਾਵਨਾ ਜਾਗਰੂਕ ਹੋਈ, ਉਥੇ ਆਪਣੇ ਆਪ ਨੂੰ ਕੁਲੀਨ ਸਮਝਣ ਵਾਲੇ ਗੈਰ-ਦਲਿਤ ਦੀ ਸੰਸਕਾਰ ਗ੍ਰਸਤ ਮਾਨਸਿਕਤਾ ਵਿੱਚ ਅੰਤਰ ਦਵੰਦ ਆਉਣਾ ਸੁਭਾਵਿਕ ਹੈ।
ਇਸ ਪ੍ਰਸੰਗ ਵਿਚ ਡਾ. ਗੁਰਪਾਲ ਸਿੰਘ ਸੰਧੂ ਦੇ ਇਹ ਸ਼ਬਦ ਧਿਆਨ ਖਿੱਚਦੇ ਹਨ ਕਿ “ਨਾਵਲੀ ਬਿਰਤਾਂਤ ਵਿਚ ਸਮਾਜ -ਸਾਸ਼ਤਰੀ ਚਿੰਤਨਸ਼ੀਲਤਾ ਅਤੇ ਨਾਵਲੀ ਸਿਰਜਣਾਤਮਕਤਾ ਸੰਜਮ ਵਿੱਚ ਬੱਝ ਕੇ ਪ੍ਰਗਟ ਹੁੰਦੇ ਹਨ। “2
ਮਨੁੱਖ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦੀ ਇਸ ਤਬਦੀਲ ਹੋ ਰਹੀ ਸਥਿਤੀ ਦੀ ਪਿੱਠ ਭੂਮੀ ਵਿਚ ਕਿੱਤਾ -ਪਰਿਵਰਤਨ ਅਤੇ ਰਿਜਰਵੇਸ਼ਨ ਦੀ ਸਰਕਾਰੀ ਨੀਤੀ ਕੰਮ ਕਰਦੀ ਹੈ। ਨਾਵਲ ਦਾ ਬਿਰਤਾਂਤਕ-ਪਾਠ ਵਰਤਮਾਨ ਪੰਜਾਬੀ ਸਮਾਜ ਸਭਿਆਚਾਰ ਦੇ ਪਰਿਵਰਤਨਸ਼ੀਲ ਯਥਾਰਥ ਦੀ ਨਿਸ਼ਾਨਦੇਹੀ ਕਰਦਾ ਹੈ। ਨਾਵਲ ਦੀ ਰੂਪਾਕਾਰਕ ਦ੍ਰਿਸ਼ਟੀ ਤੋਂ ਇਹ ਨਾਵਲੀ ਪਾਠ ਪ੍ਰਯੋਗਸ਼ੀਲ ਵਿਲੱਖਣਤਾ ਦਾ ਸਬੂਤ ਪ੍ਰਸਤੁਤ ਕਰਦਾ ਹੈ। ਕਥਾਨਕੀ-ਦ੍ਰਿਸ਼ਟੀ ਤੋਂ ਨਾਵਲ ਦੇ ਪਾਠ ਦਾ ਆਰੰਭ ਨਿਮਨ ਜਾਤੀ ਨਾਲ ਸੰਬੰਧਿਤ ਪਾਤਰ ਜਸਪ੍ਰੀਤ ਦੀ ਸਥਿਤੀ ਅਤੇ ਮਨੋ ਸਥਿਤੀ ਦੇ ਬਿਰਤਾਂਤਕ ਪ੍ਰਕਰਣ ਨਾਲ ਹੁੰਦਾ ਹੈ। ਨਾਇਕ ਪਾਤਰ ਦਾ ਕਿਰਦਾਰ ਆਪਣੇ ਅਤੀਤ ਦੀਆਂ ਸਿਮਰਤੀਆਂ ਵਿਚ ਕਾਰਜਸ਼ੀਲ ਹੁੰਦਾ ਹੋਇਆ ਅਜੋਕੇ ਸਮੇਂ ਵਿਚ ਤਬਦੀਲ ਹੋ ਰਹੇ ਦ੍ਰਿਸ਼ ਨੂੰ ਉਸਾਰਦਾ ਹੈ।
ਨਾਵਲੀ ਬਿਰਤਾਂਤਕ-ਪਾਠ ਵਿਚ ਨਾਵਲਕਾਰ ਚੇਤਨਾ-ਪ੍ਰਵਾਹ ਦੀ ਤਕਨੀਕੀ ਜੁਗਤ ਅਪਣਾਉਂਦਿਆ ਭਾਵੇਂ ਜਸਪ੍ਰੀਤ ਨੂੰ ਕੇਂਦਰੀ ਸਥਾਨ ਦਿੱਤਾ ਗਿਆ ਹੈ, ਪਰ ਉਸਨੂੰ ਨਾਵਲੀ ਰਚਨਾ-ਪਾਠ ਦਾ ਇਕੋ ਇਕ ਪਾਤਰ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨਾਵਲ ਦੇ ਸਿਰਜਿਤ-ਪਾਠ ਵਿਚ ਹੋਰ ਵੀ ਅਨੇਕਾਂ ਪਾਤਰ ਹਨ ਜਿਨ੍ਹਾਂ ਦੇ ਆਪੋਂ ਆਪਣੇ ‘ਨਿੱਕੇ ਨਿੱਕੇ ਅਸਮਾਨ’ ਹਨ। ਉਨ੍ਹਾਂ ਦੀਆਂ ਆਪੋ-ਆਪਣੀਆਂ ਲੋੜਾਂ ਮਜਬੂਰੀਆਂ, ਸੰਕਟ, ਸੰਤਾਪ, ਭਾਵਨਾਵਾਂ ਅਤੇ ਉਮੰਗ ਹਾਜ਼ਰ ਹਨ। ਉਹ ਸੰਸਥਾ ਅਤੇ ਵਿਵਸਥਾ ਦਾ ਬੋਝ ਚੁਕਦੇ ਹਨ ਅਤੇ ਉਸਨੂੰ ਨਕਾਰਦੇ ਅਤੇ ਵੰਗਾਰਦੇ ਹਨ। ਇਹ ਪਾਤਰ ਦਲਿਤ ਅਤੇ ਗੈਰ ਦਲਿਤ ਦੋਹਾਂ ਵੰਨਗੀਆਂ ਦੇ ਹਨ। ਨਾਵਲ ਦਾ ਪਾਠ ਇਹ ਦੱਸ ਪਾਉਂਦਾ ਹੈ ਕਿ ਸਦੀਆਂ ਤੋਂ ਆ ਰਹੀ ਇਹ ਸੋਚ ਉਦੋਂ ਤਿੜਕਦੀ ਹੈ ਜਦੋਂ ਇਸ ਦਾ ਆਰਥਿਕ ਅਤੇ ਸਮਾਜਿਕ ਆਧਾਰ ਖੰਡਿਤ ਹੁੰਦਾ ਹੈ। ਨਾਵਲ ਦੀ ਸਿਰਜਣ ਭੂਮੀ ਅੰਤਰਜਾਤੀ ਪਿਆਰ ਅਤੇ ਵਿਆਹ ਸੰਬੰਧਾਂ ਨੂੰ ਖਾਸ ਮਹੱਤਵ ਪ੍ਰਦਾਨ ਕਰਦਾ ਹੈ। ਇਨ੍ਹਾਂ ਸੰਬੰਧਾਂ ਦੇ ਮਾਧਿਅਮ ਰਾਹੀਂ ਹੀ ਕਿਸੇ ਸਮਾਜ ਸਭਿਆਚਾਰ ਵਿਚ ਪ੍ਰਚਲਿਤ ਕਦਰਾਂ-ਕੀਮਤਾਂ ਦੀ ਮਾਨਵੀ ਧਰਾਤਲ ਉਤੇ ਹਕੀਕੀ ਪਰਖ ਸੰਭਵ ਹੈ।
ਡਾ. ਕੁਲਬੀਰ ਸਿੰਘ ਕਾਂਗ ਦੀ ਧਾਰਨਾ ਹੈ ਕਿ ” ਪੰਜਾਬੀ ਗਲਪਕਾਰ ਸਮੁੱਚੇ ਤੌਰ ਤੇ ਰਾਸ਼ਟਰੀ ਚਰਿੱਤਰ ਅਤੇ ਮਾਨਵਵਾਦੀ ਤੇ ਅੰਤਰਰਾਸ਼ਟਰੀ ਸੋਚ ਦੇ ਧਾਰਨੀ ਰਹੇ ਹਨ।”3 ਦਰਅਸਲ ਸੱਚ ਤਾਂ ਇਹ ਹੈ ਕਿ ਮਨੁੱਖੀ ਹੋਂਦ ਨੂੰ ਅਰਥ ਸਾਰਥਕਤਾ ਪ੍ਰਦਾਨ ਕਰਨ ਵਾਲੇ ਪ੍ਰਮੁੱਖ ਤੱਤ ਪਿਆਰ ਸੰਬੰਧ ਹੀ ਹੁੰਦੇ ਹਨ। ਭਾਰਤੀ ਸਮਾਜ ਸਭਿਆਚਾਰ ਨੂੰ ਜਾਤੀ ਪ੍ਰਥਾਂ ਵਿਚ ਵੰਡਣ ਵਾਲੀ ਪੁਰਾਤਨ ਬ੍ਰਾਹਮਣਵਾਦੀ ਚੇਤਨਾ ਨੇ ਇੱਥੋ ਦੇ ਸਮੂਹ ਭਾਈਚਾਰੇ ਦੇ ਅਵਚੇਤਨ ਨੂੰ ਜਕੜ ਲਿਆ ਹੈ ਜਿਸ ਨੂੰ ਮੱਧਕਾਲੀ ਧਾਰਮਿਕ ਚੇਤਨਾ ਦਾ ਕ੍ਰਾਂਤੀਕਾਰੀ ਵਿਚਾਰਧਾਰਕ ਪ੍ਰਵਚਨ ਵੀ ਪੂਰੀ ਤਰ੍ਹਾਂ ਖਤਮ ਨਹੀ ਕਰ ਸਕਿਆ।
ਸਮੁੱਚੇ ਤੌਰ ਤੇ ਨਾਵਲਕਾਰ ਨਛੱਤਰ ਦੀ ਇਹ ਨਾਵਲੀ ਸਿਰਜਣਾ ਗਲਪੀ ਬਿੰਬ ਦੇ ਮਾਧਿਅਮ ਦੁਆਰਾ ਪਰਪੰਰਿਕ-ਪ੍ਰਬੰਧ ਨੂੰ ਇਕ ਦੂਜੇ ਦੇ ਸਨਮੁੱਖ ਕਰ ਦਿੰਦਾ ਹੈ। ਚਿੰਤਨ ਤੇ ਚੇਤਨਾ ਨੂੰ ਉਤੇਜਿਤ ਕਰਕੇ ਸਮਾਜ ਸਭਿਆਚਾਰਕ ਪਾਸਾਰ ਉੱਤੇ ਨਵੇਂ ਦਿਸਹੱਦਿਆ ਦੀ ਥਾਹ ਪਾਉਂਦਾ ਹੈ।
ਹਵਾਲੇ ਅਤੇ ਟਿੱਪਣੀਆਂ:-
1. ਡਾ. ਜਗਬੀਰ ਸਿੰਘ, ਪੰਜਾਬੀ ਗਲਪ ਸੰਸਾਰ, ਪੰਨਾ-100
2. ਡਾ. ਗੁਰਪਾਲ ਸਿੰਘ, ਪੰਜਾਬੀ ਨਾਵਲ ਦਾ ਚਿੰਨ ਵਿਗਿਆਨਕ ਅਧਿਐਨ, ਸ਼ਬਦ ਅਪ੍ਰੈਲ- ਜੂਨ 2000, ਪੰਨਾ-31
3. ਡਾ. ਕੁਲਬੀਰ ਸਿੰਘ ਕਾਂਗ, ਡਾ. ਹਰਚਰਨ ਕੌਰ, ਆਧੁਨਿਕ ਸਾਹਿਤ: ਪੁਨਰ ਵਿਚਾਰ, ਪੰਨਾ ਨੰ. 116
ਮੰਜਿਲਾ ਰਾਣੀ
ਖੋਜਾਰਥੀ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬਾਇਲ ਨੰ. 6283968628