By Gurlal Singh
ਬੀਤੇ 24 ਘੰਟਿਆਂ ਦੌਰਾਨ 2917 ਲਏ ਸੈਂਪਲ ਤੇ 2431 ਵਿਅਕਤੀਆਂ ਦੇ ਲਗਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ
ਕਿਹਾ, 1 ਮਈ ਨੂੰ ਜ਼ਿਲ੍ਹੇ ਦੇ 10 ਪਿੰਡਾਂ ਚ ਕਰੋਨਾ ਨੂੰ ਰੋਕਣ ਲਈ ਲਗਾਏ ਜਾਣਗੇ ਵੈਕਸੀਨ ਕੈਂਪ
ਬਠਿੰਡਾ, 30 ਅਪ੍ਰੈਲ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਜਿੱਥੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ, ਪੁਲਿਸ ਨਾਕਿਆਂ ਤੇ ਉਦਯੋਗਿਕ ਇਕਾਈਆਂ ਵਿਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਇਨ੍ਹਾਂ ਕੈਂਪਾਂ ਦੀ ਲੜੀ ਤਹਿਤ ਰੋਜ਼ਾਨਾ ਜ਼ਿਲ੍ਹੇ ਦੇ 10 ਪਿੰਡਾਂ ਵਿਚ ਵੀ ਕੈਂਪ ਲਗਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 2917 ਸੈਂਪਲ ਲਏ ਗਏ ਤੇ 2431 ਲੋਕਾਂ ਦੀ ਵੈਕਸੀਨੇਸ਼ਨ ਹੋਈ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਕਰੋਨਾ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 822 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 345 ਵੱਖ-ਵੱਖ ਦਫ਼ਤਰਾਂ ਵਿਚ ਆਉਣ ਵਾਲੇ ਵਿਅਕਤੀਆਂ, 350 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ, 727 ਸਿਹਤ ਵਿਭਾਗ ਅਤੇ 673 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।
ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 562 ਵੱਖ-ਵੱਖ ਉਦਯੋਗ ਕੇਂਦਰਾਂ ਚ ਕੰਮ ਕਰਦੇ ਮੁਲਾਜ਼ਮਾਂ, 266 ਪੇਂਡੂ ਤੇ 167 ਸ਼ਹਿਰੀ ਖੇਤਰਾਂ ਤੋਂ ਇਲਾਵਾ 1436 ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ ਵੈਕਸੀਨੇਸ਼ਨ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਕਰੋਨਾ ਵੈਕਸੀਨੇਸ਼ਨ ਲਈ ਰੋਜ਼ਾਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੀ ਲੜੀ ਤਹਿਤ 1 ਮਈ ਨੂੰ ਪਿੰਡ ਬੀੜ ਬਹਿਮਣ, ਦਾਨ ਸਿੰਘ ਵਾਲਾ, ਗੁੰਮਟੀ ਕਲ੍ਹਾਂ, ਚੱਕ ਬਖਤੂ, ਹਰਨਾਮ ਸਿੰਘ ਵਾਲਾ, ਡਿੱਖ, ਚੱਕ ਰੂਲਦੂ ਸਿੰਘ ਵਾਲਾ, ਗੇਹਿਲੇਵਾਲਾ ਅਤੇ ਪਿੰਡ ਗਿਆਨਾ ਵਿਖੇ ਕਰੋਨਾ ਨੂੰ ਰੋਕਣ ਲਈ ਵੈਕਸੀਨੇਸ਼ਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਰੋਨਾ ਵੈਕਸੀਨੇਸ਼ਨ ਕਰਵਾਉਣੀ ਯਕੀਨੀ ਬਣਾਉਣ। ੳਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।