ਕਾਸ਼ ਇਹ ਪੋਲਾਂ ਖੁੱਲਦੀਆਂ ਹੀ ਨਾ !
ਕਹਿੰਦੇ ਨੇ ਸਮਾਂ ਚਾਹੇ ਚੰਗਾ ਹੋਵੇ ਜਾਂ ਬੁਰਾ ,ਲੰਘ ਹੀ ਜਾਂਦਾ , ਜਦੋਂ ਵੀ ਕਿਸੇ ਤੇ ਮਾੜਾ ਸਮਾਂ ਆਉਂਦਾ ਤਾਂ ਇਹ ਕਹਿਕੇ ਦਿਲਾਸਾ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ,ਇਹ ਸਮਾਂ ਬਹੁਤਾ ਚਿਰ ਨਹੀਂ ਰਹਿਣਾ ,ਤੇ ਕਦੇ ਨਾ ਕਦੇ ਉਮੀਦਾਂ ਵਾਲਾ ਸੂਰਜ ਵੀ ਚੜ੍ਹ ਹੀ ਜਾਂਦਾ ,ਪਰ ਅੱਜ ਦੇ ਸਮੇਂ ‘ਚ ਸਮਝ ਹੀ ਨਹੀਂ ਆ ਰਿਹਾ ਕਿ ਆਖਿਰਕਾਰ ਇਹ ਹੋ ਕਿ ਰਿਹਾ ,ਹੱਸਦੇ ਵੱਸਦੇ ਲੋਕਾਂ ‘ਤੇ ਇੱਕ ਦਮ ਇਕ ਆਫ਼ਤ ਜਹੀ ਆ ਗਈ , ਇਹ ਆਫ਼ਤ ਦਾ ਨਾਮ ਕੋਵਿਡ 19 , ਜੋ ਦਿਖਦਾ ਤਾਂ ਨਹੀਂ ਹੈ ,ਪਰ ਹਾਂ ਇਹਦੇ ਕਾਰਨ ਬਹੁਤ ਸਾਰੀਆਂ ਲਾਸ਼ਾਂ ਸੜਕਾਂ ਤੇ ਪਈਆਂ ਜਰੂਰ ਦਿੱਖ ਰਹੀਆਂ ਨੇ ,ਦੇਸ਼ ਦਾ ਅਹਿਜਾ ਹਾਲ ਹੋ ਚੁੱਕਾ ਕਿ ਕੁੱਝ ਬੇਦਰਦੇ ਲੋਕ ਮਜਬੂਰ ਲੋਕਾਂ ਦੇ ਦਰਦ ਦਾ ਫਾਇਦਾ ਚੱਕ ਕੇ ਓਹਦੇ ਵਿੱਚੋ ਵੀ ਮੁਨਾਫ਼ਾ ਕਮਾਉਣਾ ਚਾਹੁੰਦਾ ਨੇ , ਇਹ ਤਸਵੀਰ ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਹੈ ,ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਸਾਈਕਲ ‘ਤੇ ਹੀ ਲੈਕੇ ਜਾ ਰਿਹਾ ,ਦੱਸਿਆ ਜਾ ਰਿਹਾ ਕਿ ਮੋਢਾ ਲਗਾਉਣ ਵਾਲੇ ਵਿਅਕਤੀ 5000 ਕਿਰਾਇਆ ਮੰਗ ਰਹੇ ਸਨ ,ਪਰ ਸਵਾਲ ਇਹ ਹੈ ਕਿ ਇਨਸਾਨੀਅਤ ਵਾਕਈ ਹੀ ਖਤਮ ਹੋ ਗਈ ਹੈ ? ਕਿ ਵਾਕਈ ਹੀ ਸਿਰਫ ਪੈਸਾ ਹੀ ਸਭ ਕੁੱਝ ਹੈ ? ਇਹ ਵੀ ਦੱਸਿਆ ਜਾ ਰਿਹਾ ਕਿ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆਉਣ ਕਾਰਨ ਬਜ਼ੁਰਗ ਦੀ ਪਤਨੀ ਦੀ ਮੌਤ ਹੋਈ ਹੈ , ਇਸ ਸਮੇਂ ਸਵਾਲ ਤਾਂ ਇਹ ਵੀ ਖੜ੍ਹਾ ਹੁੰਦਾ ਕਿ ਸਿਹਤ ਵਿਭਾਗ ਪ੍ਰਸ਼ਾਸ਼ਨ ਗੂੜ੍ਹੀ ਨੀਂਦ ਸੁੱਤਾ ਹੋਇਆ ? ਇੱਕ ਪਲ ਲਈ ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਇਸ ਔਰਤ ਦੀ ਮਹਾਂਮਾਰੀ ਕਾਰਨ ਨਹੀਂ ਬਲ ਕਿ ਕਿਸੇ ਹੋਰ ਕਾਰਨ ਨਾਲ ਮੌਤ ਹੋਈ ਹੈ ,ਤਾ ਭਾਰਤ ਦੇਸ਼ ‘ਚ ਗਰੀਬ ਲੋਕਾਂ ਨਾਲ ਅਹਿਜਾ ਵਤੀਰਾ ਕਿੰਨਾ ਕੁ ਜਾਇਜ਼ ਹੈ ? ਇੰਨੀ ਗਰੀਬੀ ਕਿ ਲਾਚਾਰ ਬਜ਼ੁਰਗ ਸਾਈਕਲ ਤੇ ਹੀ ਪਤਨੀ ਦੀ ਲਾਸ਼ ਨੂੰ ਸਮਸ਼ਾਨਘਾਟ ‘ਤੇ ਲਿਜਾ ਰਿਹਾ , ਜਿਸਤੋਂ ਸਾਫ ਅੰਦਾਜਾ ਲਗਾਇਆ ਜਾ ਸਕਦਾ ਕਿ ਦੇਸ਼ ਦੇ ਹਾਲਾਤ ਕਿਹੋ ਜਿਹੇ ਨੇ ?
ਸਿਰਫ਼ ਇੰਨਾ ਹੀ ਨਹੀਂ ,ਥਾਂ ਥਾਂ ‘ਤੇ ਸ਼ਮਸ਼ਾਨ ਘਾਟ ਦੇ ਬਾਹਰ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ , ਪਰਿਵਾਰ ਵਾਲੇ ਆਪਣੇ ਘਰ ਦੇ ਜੀਅ ਨੂੰ ਆਖਰੀ ਵਿਦਾਇਗੀ ਵੀ ਸਹੀ ਢੰਗ ਨਾਲ ਨਹੀਂ ਦੇ ਸਕੇ , ਜੇਕਰ ਚੋਣਾਂ ਦੇ ਪ੍ਰਚਾਰ ਲਈ ਲੱਖਾਂ ,ਕਰੋੜਾਂ ਰੁਪਏ ‘ਚ ਖਰਚਾ ਹੋ ਸਕਦਾ ਤਾਂ ਫੇਰ ਜ਼ਮੀਨੀ ਪੱਧਰ ‘ਤੇ ਪਾਣੀ ਦੀ ਬੂੰਦ ਤੱਕ ਤਰਸ ਰਹੇ ਲੋਕਾਂ ਦੀ ਮਦਦ ਕਿਉਂ ਨਹੀਂ ਕੀਤੀ ਜਾਂਦੀ ? ਕਿਉਂ ਦੇਸ਼ ਦੇ ਲੋਕ ਰਾਤ ਨੂੰ ਭੁੱਖੇ ਢਿੱਡ ਸੌਣ ਨੂੰ ਮਜਬੂਰ ਨੇ ?
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਦੀਆਂ ਤ੍ਰਾਹ ਤ੍ਰਾਹ ਕਰਦਿਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹਨਾਂ ਨੂੰ ਵੇਖਕੇ ਅੱਖਾਂ ‘ਚੋ ਖੂਨ ਵਗਣ ਲਗ ਜਾਂਦਾ ,ਸਭ ਕੁੱਝ ਸਮਝ ਤੋਂ ਬਾਹਰ ਹੈ ਅਹਿਜੇ ਸਮੇਂ ਵਿੱਚ ਹਰ ਕੋਈ ਇਹੀ ਉਮੀਦ ਕਰ ਰਿਹਾ ਕਿ ਕਦੇ ਨਾ ਕਦੇ ਖੁਸ਼ੀਆਂ ਵਾਲਾ ਦਿਨ ਜਰੂਰ ਚੜੇਗਾ ,ਪਰ ਇਸ ਮਹਾਮਾਰੀ ਨੇ ਸਰਕਾਰ ਦੀਆਂ ਪੋਲਾਂ ਜਰੂਰ ਖੋਲ ਕੇ ਰੱਖ ਦਿੱਤੀਆਂ ਨੇ ,ਕਾਸ਼ ਇਹ ਪੋਲਾਂ ਖੁੱਲਦੀਆਂ ਹੀ ਨਾ ,ਘੱਟੋ ਘੱਟ ਮੇਰੇ ਦੇਸ਼ ਦੇ ਲੋਕਾਂ ਦੇ ਹੱਸਦੇ ਵੱਸਦੇ ਚੇਹਰੇ ਵੀ ਨਾ ਮਰਝਾਉਂਦੇ
ਸਿਮਰਨਜੀਤ ਕੌਰ
8146726302