By Admin

*ਭਗਵੰਤ ਮਾਨ ਨੇ ਮਗਨਰੇਗਾ ਮਜ਼ਦੂਰਾਂ ਦੀ 600 ਰੁਪਏ ਦਿਹਾੜੀ ਮੰਗੀ*

 

*-ਸੰਸਦ ‘ਚ ਉਠਾਇਆ ਮਜ਼ਦੂਰਾਂ ਨਾਲ ਹੁੰਦੇ ਧੋਖਿਆਂ ਦਾ ਮੁੱਦਾ*

 

*ਨਵੀਂ ਦਿੱਲੀ/ਚੰਡੀਗੜ੍ਹ, 17 ਮਾਰਚ 2021*

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਸਦ ‘ਚ ਮਗਨਰੇਗਾ ਮਜ਼ਦੂਰਾਂ ਦਾ ਮੁੱਦਾ ਚੁੱਕਿਆ ਅਤੇ ਪ੍ਰਤੀ ਦਿਨ 600 ਰੁਪਏ ਦਿਹਾੜੀ ਦੀ ਮੰਗ ਕੀਤੀ।

ਸੰਸਦ ‘ਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਦੀ ਮੌਜੂਦਾ 241 ਰੁਪਏ ਦਿਹਾੜੀ ਬੇਹੱਦ ਘੱਟ ਹੈ ਅਤੇ ਇਹ 600 ਰੁਪਏ ਕੀਤੀ ਜਾਵੇ। ਉਨ੍ਹਾਂ ਸਰਕਾਰ ਦੇ ਸਾਲਾਨਾ 100 ਦਿਨ ਦੇ ਰੁਜ਼ਗਾਰ ‘ਤੇ ਸਵਾਲ ਚੁੱਕਿਆ ਅਤੇ ਕਿਹਾ ਪੂਰੇ ਦੇਸ਼ ‘ਚ ਗ਼ਰੀਬ ਮਜ਼ਦੂਰਾਂ ਨੂੰ ਮਗਨਰੇਗਾ ਅਧੀਨ 100 ਦਿਨ ਰੁਜ਼ਗਾਰ ਨਹੀਂ ਮਿਲ ਰਿਹਾ, ਇਹ ਔਸਤਨ 20-25 ਦਿਨ ਹੀ ਦਿੱਤਾ ਜਾ ਰਿਹਾ ਹੈ।

ਭਗਵੰਤ ਮਾਨ ਨੇ ਮਗਨਰੇਗਾ ਯੋਜਨਾ ਅਧੀਨ ਗ਼ਰੀਬ ਮਜ਼ਦੂਰਾਂ ਨਾਲ ਹੁੰਦੇ ਧੋਖੇ ਬਾਰੇ ਕਿਹਾ ਕਿ ਬਜ਼ੁਰਗ ਮਾਵਾਂ ਸਿਰਾਂ ‘ਤੇ ਬੱਠਲਾਂ ਨਾਲ ਮਿੱਟੀ ਢੋਂਦੀਆਂ ਹਨ ਪਰੰਤੂ ਕੱਚੇ ਰਜਿਸਟਰਾਂ ਉੱਤੇ ਅੰਗੂਠੇ ਲਗਵਾ ਕੇ ਉਨ੍ਹਾਂ ਦੀ ਦਿਹਾੜੀ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਅਨਪੜ੍ਹ ਗ਼ਰੀਬ ਮਜ਼ਦੂਰਾਂ ਨਾਲ ਅਜਿਹੇ ਧੋਖੇ ਸਖ਼ਤੀ ਨਾਲ ਰੋਕੇ ਜਾਣ।