ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਵਾਸਤੇ ਪੁਸਤਕਾਂ ਖਰੀਦਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਚੰਡੀਗੜ੍ਹ, 3 ਮਾਰਚ-(ਗੁਰਲਾਲ ਸਿੰਘ)
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਾਇਬ੍ਰੇਰੀਆਂ ਲਈ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਵੱਲੋਂ ਸਿਫਾਰਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਲਈ ਨਿਰਦੇਸ਼ ਜਾਰੀ ਕੀਤੇ ਹਨ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਲਾਇਬ੍ਰੇਰੀਆਂ ਲਈ ਪੁਸਤਕਾਂ ਦੀ ਖਰੀਦ ਦੇ ਮੰਤਵ ਨਾਲ ਉਘੇ ਸਾਹਿਤਕਾਰ ਡਾ. ਆਤਮਜੀਤ ਦੀ ਅਗਵਾਈ ਵਿੱਚ ਸਾਹਿਤਕਾਰਾਂ ਦੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਸਕੂਲਾਂ ਨੂੰ ਨਵੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀਆਂ ਬਨਾਉਣ ਅਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ ਕੀਤੀਆਂ ਕਿਤਾਬਾਂ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ, ਜਾਂ ਬੋਲੀਆਂ ਆਧਾਰਤ ਵਧੇਰੇ ਪੁਸਤਕਾਂ ਖਰੀਦਣ ਲਈ ਨਿਰਦੇਸ਼ ਦਿੱਤੇ ਗਏ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਅਕ੍ਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਨ੍ਹਾਂ ਦੀ ਨੀਤੀ ਅਨੁਸਾਰ ਡਿਸਕਾਉਟ ਲੈਣ, ਨੈਸ਼ਨਲ ਬੁੱਕ ਟ੍ਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ 25 ਫੀਸਦੀ ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ’ਤੇ ਘੱਟੋ-ਘੱਟ 40 ਫੀਸਦੀ ਡਿਸਕਾਉਟ ਲੈਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਨੂੰ ਨਵੀਂਆਂ ਪੁਸਤਕਾਂ ਹੀ ਖਰੀਦਣ ਲਈ ਹੀ ਆਖਿਆ ਗਿਆ ਹੈ।