ਜ਼ਿਲ੍ਹੇ ਵਿੱਚ ਕੋਵਿਡ -19 ਟੀਕਾਕਰਣ ਦਾ ਤੀਜਾ ਗੇੜ 1 ਮਾਰਚ ਤੋਂ ਸ਼ੁਰੂ ਹੋਵੇਗਾ -ਗਿਰੀਸ਼ ਦਿਆਲਨ
ਸਾਰੇ ਸੀਨੀਅਰ ਨਾਗਰਿਕਾਂ ਨੂੰ ਟੀਕਾ ਲਗਵਾਇਆ ਜਾਵੇਗਾ
ਸਹਿ-ਰੋਗਾਂ ਵਾਲੇ 45 ਤੋਂ 60 ਸਾਲ ਦੇ ਲੋਕ ਵੀ ਲਗਵਾ ਸਕਦੇ ਹਨ ਟੀਕਾ
ਅਗਾਉਂ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ; ਕੋਵਿਨ 2.0 ਪੋਰਟਲ ‘ਤੇ ਪਾਂਵੇ ਪਹਿਲਾਂ ਰਜਿਸਟਰ ਕਰੋ ਜਾਂ ਟੀਕਾਕਰਨ ਵਾਲੇ ਸਥਾਨ ‘ਤੇ ਜਾ ਕੇ ਸਿੱਧਾ ਲਗਵਾਓ ਟੀਕਾ
ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਲਗਾਵਾਇਆ ਜਾਵੇਗਾ ਟੀਕਾ ਜਦੋਂ ਕਿ ਪ੍ਰਾਈਵੇਟ ਹਸਪਤਾਲ ਪ੍ਰਤੀ ਖੁਰਾਕ 250 ਰੁਪਏ ਤੱਕ ਕਰਨਗੇ ਚਾਰਜ
ਐਸ ਏ ਐਸ ਨਗਰ, 28 ਫਰਵਰੀ:(ਗੁਰਲਾਲ ਸਿੰਘ)
ਕੋਵਿਡ -19 ਲਈ ਟੀਕਾ ਲਗਵਾਉਣ ਸਬੰਧੀ ਨੈਸ਼ਨਲ ਐਕਸਪਰਟ ਗਰੁੱਪ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰਜੀਹੀ ਆਧਾਰ ‘ਤੇ ਟੀਕਾਕਰਨ ਦਾ ਤੀਜਾ ਗੇੜ 1 ਮਾਰਚ ਤੋਂ ਸ਼ੁਰੂ ਹੋਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਉਹਨਾਂ ਦੱਸਿਆ ਕਿ ਟੀਕਾਕਰਨ ਦੇ ਇਸ ਦੌਰ ਵਿਚ ਸਾਰੇ ਸੀਨੀਅਰ ਨਾਗਰਿਕਾਂ ਨੂੰ ਟੀਕਾ ਲਗਵਾਇਆ ਜਾਵੇਗਾ। ਇਸ ਵਿਚ 1961 ਵਿਚ ਅਤੇ ਇਸ ਤੋਂ ਪਹਿਲਾਂ ਜਨਮੇ ਸਾਰੇ ਨਾਗਰਿਕ ਯੋਗ ਹੋਣਗੇ। ਉਹਨਾਂ 45 ਤੋਂ 59 ਸਾਲ ਦੇ ਵਿਅਕਤੀਆਂ ਨੂੰ ਵੀ ਟੀਕਾ ਲਗਾਇਆ ਜਾਵੇਗਾ ਜੋ ਸਰਕਾਰ ਦੁਆਰਾ ਨਿਰਧਾਰਤ ਸਹਿ-ਰੋਗਾਂ ਨਾਲ ਪੀੜਤ ਹਨ(ਨਿਰਧਾਰਤ ਸਹਿ ਰੋਗਾਂ ਦੀ ਸੂਚੀ ਨਾਲ ਦਿੱਤੀ ਗਈ ਹੈ)। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿ-ਰੋਗ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਲਾਜ਼ਮੀ ਹੈ।
ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਕਾਕਰਣ ਦੇ ਚਾਹਵਾਨ ਕੋਵਿਨ 2.0 ਪੋਰਟਲ ‘ਤੇ ਪਹਿਲਾਂ ਰਜਿਸਟਰ ਹੋ ਸਕਦਾ ਹੈ ਜਾਂ ਟੀਕਾਕਰਨ ਵਾਲੇ ਦਿਨ ਆ ਮੌਕੇ ਤੇ ਰਜਿਸਟਰ ਹੋਣ ਉਪਰੰਤ ਟੀਕਾ ਲਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ‘ਹਾਲਾਂਕਿ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸੀਨੀਅਰ ਸਿਟੀਜ਼ਨ ਟੀਕਾਕਰਨ ਲਈ ਸਿਹਤ ਸਹੂਲਤ ਵਿਚ ਇੰਤਜ਼ਾਰ ਕਰਨ ਤੋਂ ਬਚਾਅ ਲਈ ਪਹਿਲਾਂ ਰਜਿਸਟਰ ਕਰਵਾ ਸਕਦੇ ਹਨ।’
ਇਹ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਲਗਾਇਆ ਜਾਵੇਗਾ ਜਦੋਂਕਿ ਨਿੱਜੀ ਹਸਪਤਾਲ ਪ੍ਰਤੀ ਖੁਰਾਕ 150 ਰੁਪਏ ਲੈਣ ਲਈ ਅਧਿਕਾਰਤ ਹਨ ਅਤੇ ਸੇਵਾ ਪ੍ਰਬੰਧਨ ਖਰਚੇ ਵਜੋਂ 100 ਰੁਪਏ ਤੱਕ ਵਾਧੂ ਚਾਰਜ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਮਹਾਂਮਾਰੀ ਨਾਲ ਨਜਿੱਠਣ ਲਈ ਕੋਵੀਡ -19 ਟੀਕਾਕਰਨ ਇਕੋ ਇਕ ਰਸਤਾ ਹੈ ਇਸ ਲਈ ਯੋਗ ਲਾਭਪਾਤਰੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਦੌਰਾਨ, ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਣ ਇਸ ਦੌਰ ਦੇ ਨਾਲ-ਨਾਲ ਜਾਰੀ ਰਹੇਗਾ ਭਾਵੇਂ ਕਿ ਪਹਿਲਾਂ ਰਜਿਸਟਰਡ ਨਹੀਂ ਹੋਏ ਫਿਰ ਵੀ ਉਹ ਵਾਕ ਇਨ ਰਾਹੀਂ ਟੀਕਾਕਰਨ ਸਥਾਨ ‘ਤੇ ਜਾ ਕੇ ਟੀਕਾ ਲਗਵਾ ਸਕਦੇ ਹਨ।