Latest news

By Admin
ਮੰਤਰੀ ਮੰਡਲ ਵੱਲੋਂ ਮੋਟਰ ਵਹੀਕਲ ਕਰ ਵਸੂਲਣ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਜਾਂ ਲਾਗੂ ਹੋਣ ਮੁਤਾਬਕ ਰਿਫੰਡ ਕਰਨ ਲਈ ਸੋਧ ਨੂੰ ਪ੍ਰਵਾਨਗੀ
ਚੰਡੀਗੜ੍ਹ, 24 ਫਰਵਰੀ
ਮੋਟਰ ਵਹੀਕਲ ਕਰ ਦੀ ਵਸੂਲੀ ਅਤੇ ਜਿੱਥੇ ਵੀ ਲਾਗੂ ਹੋਵੇ, ਇਸ ਦੇ ਰਿਫੰਡ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਦਾ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ, 1924 (ਸੋਧਿਆ) ਦੇ ਸੈਕਸ਼ਨ ਤਿੰਨ ਅਤੇ ਸ਼ਡਿਊਲ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਸੋਧ ਮੋਟਰਕਾਰ ਜਾਂ ਮੋਟਰ ਸਾਈਕਲ ਮਾਲਕ ਵੱਲੋਂ ਕਿਸੇ ਹੋਰ ਸੂਬੇ ਵਿੱਚ ਵਾਹਨ ਸਮੇਤ ਪ੍ਰਵਾਸ ਕਰ ਜਾਣ ਅਤੇ ਪੰਜਾਬ ਦਾ ਨਿਵਾਸੀ ਨਾ ਰਹਿਣ ਜਾਂ ਪੰਜਾਬ ਤੋਂ ਬਾਹਰ ਨਿਵਾਸ ਕਰਦੇ ਕਿਸੇ ਵਿਅਕਤੀ ਦੇ ਨਾਂ ਮਾਲਕਾਨਾ ਹੱਕ ਤਬਦੀਲ ਕਰਨ ਸੂਰਤ ਵਿੱਚ ਅਦਾ ਕੀਤੇ ਜਾਣ ਵਾਲੇ ਇੱਕਮੁਸ਼ਤ ਕਰ ਦੇ ਰਿਫੰਡ ਵਰਗੇ ਮੁੱਦਿਆਂ ਨਾਲ ਸਬੰਧਤ ਹੈ। ਦੋਵਾਂ ਸੂਰਤਾਂ ਵਿੱਚ ਅਦਾ ਕੀਤੇ ਗਏ ਇੱਕਮੁਸ਼ਤ ਕਰ ਦਾ ਰਿਫੰਡ ਉਸ ਦਰ ‘ਤੇ ਕੀਤਾ ਜਾਵੇਗਾ ਜੋ ਕਿ ਸਮੇਂ-ਸਮੇਂ ‘ਤੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਵੇਗੀ।
ਜੇਕਰ ਟਰਾਂਸਪੋਰਟ ਵਾਹਨ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਵਿੱਚ ਰਜਿਸਟਰਡ ਹੈ ਤਾਂ ਅਜਿਹੇ ਵਾਹਨ ਵੱਲੋਂ ਪੰਜਾਬ ਵਿੱਚ ਦਾਖਲੇ ਸਮੇਂ ਉਸ ਦਰ ‘ਤੇ ਕਰ ਦੀ ਅਦਾਇਗੀ ਕੀਤੀ ਜਾਵੇਗੀ ਜੋ ਕਿ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਨਿਰਧਾਰਤ ਕੀਤੀ ਜਾਵੇਗੀ।
ਇਸੇ ਤਰ੍ਹਾਂ ਹੀ ਨਵੇਂ ਸਟੇਜ ਕੈਰਿਜ ਪਰਮਿਟ ਜਾਰੀ ਕਰਦੇ ਸਮੇਂ ਅਜਿਹੀਆਂ ਬੱਸਾਂ ‘ਤੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇੱਕ ਵਾਰੀ ਦਾ ਕਰ ਵਸੂਲਿਆ ਜਾਵੇਗਾ ਅਤੇ ਜਦੋਂ ਵੀ ਕਿਸੇ ਵੱਡੀ ਬੱਸ ਦੇ ਮਾਲਕ ਨੂੰ ਵਧਾਏ ਗਏ ਰੂਟ ‘ਤੇ ਵਧੀ ਮਾਈਲੇਜ ਨਾਲ ਬੱਸ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇੱਕ ਵਾਰੀ ਕਰ ਦੀ ਵਸੂਲੀ ਕੀਤੀ ਜਾਵੇਗੀ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਮੋਟਰ ਵਾਹਨਾਂ ਦੇ ਪ੍ਰਕਾਰ, ਇਨ੍ਹਾਂ ਦਰਾਂ ‘ਤੇ ਵਸੂਲ ਕੀਤੇ ਜਾਣ ਵਾਲੇ ਕਰ ਦਾ ਸਮਾਂ ਅਤੇ ਢੰਗ, ਜੋ ਕਿ ਨੋਟੀਫਿਕੇਸ਼ਨ ਰਾਹੀਂ ਸਮੇਂ-ਸਮੇਂ ‘ਤੇ ਸੂਬਾ ਸਰਕਾਰ ਵੱਲੋਂ ਨਿਰਧਾਰਤ ਕੀਤਾ ਜਾਵੇਗਾ, ਬਾਰੇ ਸਪੱਸ਼ਟ ਰੂਪ ਵਿੱਚ ਦੱਸਿਆ ਜਾਵੇਗਾ। ਪਰ, ਨੋਟੀਫਿਕੇਸ਼ਨ ਵਿੱਚ ਇਹ ਵੀ ਉਪਬੰਧ ਹੋਵੇਗਾ ਕਿ ਸ਼ਡਿਊਲ ਵਿੱਚ ਦਰਸਾਈ ਵੱਧ ਤੋਂ ਵੱਧ ਸਮਾਂ-ਹੱਦ ਤੋਂ ਕਰ ਦੀਆਂ ਦਰਾਂ ਅੱਗੇ ਨਹੀਂ ਵਧਾਈਆਂ ਜਾਣਗੀਆਂ।

Leave a Reply

Your email address will not be published. Required fields are marked *