• ਰਾਜਪਾਲ ਪੰਜਾਬ ਨੇ ਰਾਸ਼ਟਰੀ ਝੰਡਾ ਲਹਿਰਾਇਆ
• ਆਜ਼ਾਦੀ ਘੁਲਾਟੀਆਂ ਅਤੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
• ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦਾ ਕੀਤਾ ਧੰਨਵਾਦ
• ‘ਖੁਸ਼ਹਾਲੀ ਅਤੇ ਹਰਿਆਲੀ’ ਪ੍ਰਤੀ ਪੰਜਾਬੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
• ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਪ੍ਰਤੀ ਸ਼ਰਧਾਂਜਲੀ ਅਤੇ ਹਮਦਰਦੀ ਪ੍ਰਗਟਾਈ
ਐਸ.ਏ.ਐਸ.ਨਗਰ, 27 ਜਨਵਰੀ(ਗੁਰਲਾਲ ਸਿੰਘ)
72 ਵੇਂ ਗਣਤੰਤਰ ਦਿਵਸ ਮੌਕੇ ਮੁਹਾਲੀ ਵਿਖੇ ਰਾਜ ਪੱਧਰੀ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੇ ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ, ਮੁੱਖ ਸਕੱਤਰ ਵਿਨੀ ਮਹਾਜਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਐੱਸ. ਰਾਏ, ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਸਰਕਾਰੀ ਕਾਲਜ ਫੇਜ਼ -6 ਵਿੱਚ ਸਟੇਡੀਅਮ ਵਿਖੇ ਤਿਰੰਗਾ ਲਹਿਰਾਇਆ।
ਸਾਰਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਆਜ਼ਾਦੀ ਘੁਲਾਟੀਆਂ ਅਤੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਰਾਸ਼ਟਰ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦਾ ਧੰਨਵਾਦ ਵੀ ਕੀਤਾ ਜਿਹਨਾਂ ਦੀ ਦੂਰ-ਅੰਦੇਸ਼ੀ ਸਦਕਾ ਹੀ ਅਸੀਂ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਗਣਤੰਤਰ ਵਜੋਂ ਉੱਭਰੇ ਹਾਂ।
‘ਖੁਸ਼ਹਾਲੀ ਅਤੇ ਹਰਿਆਲੀ’ ਪ੍ਰਤੀ ਪੰਜਾਬੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਖੁਸ਼ਹਾਲੀ ਅਤੇ ਹਰਿਆਲੀ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਸ਼ਾਂਤੀਪੂਰਣ ਢੰਗ ਨਾਲ ਇਸ ਨੂੰ ਬਣਾਈ ਰੱਖਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਉਤਪਾਦਨ ਅਤੇ ਰਾਜ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਅੱਗੇ ਕਿਹਾ ਕਿ “ਮੈਨੂੰ ਉਮੀਦ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਜਲਦ ਹੀ ਗੱਲਬਾਤ ਰਾਹੀਂ ਹੱਲ ਕੀਤਾ ਜਾਵੇਗਾ। ਮੈਂ ਉਨ੍ਹਾਂ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਜਾਨ ਗੁਆਈ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ”
ਸਾਨੂੰ ਮਾਣ ਹੈ ਕਿ ਪੰਜਾਬ ਰਾਜ ਨੂੰ ਜੈ ਜਵਾਨ, ਜੈ ਕਿਸਾਨ ਦਾ ਇਕ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾਂ ਭਾਰਤ ਦੀ ਤਰੱਕੀ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ ਅਤੇ ਪੀਰਾਂ ਦੀ ਧਰਤੀ ਹੈ ਜਿਹਨਾਂ ਨੇ ਹਮੇਸ਼ਾਂ ਸਾਨੂੰ ਪ੍ਰੇਰਿਤ ਕੀਤਾ ਅਤੇ ਮਾਰਗ ਦਰਸ਼ਨ ਕੀਤਾ ਹੈ। ਅਸੀਂ ਸਾਰੇ ਮਾਣ ਮਹਿਸੂਸ ਕਰਦੇ ਹਾਂ ਕਿ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਵੀ ਉਸੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਅਸੀਂ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਸੀ।
ਕੋਵਿਡ 19 ਬਾਰੇ ਬੋਲਦਿਆਂ ਰਾਜਪਾਲ ਨੇ ਕਿਹਾ, “ਵਿਸ਼ਵਵਿਆਪੀ ਮਹਾਂਮਾਰੀ ਵਿਰੁੱਧ ਭਾਰਤ ਦੀ ਲੜਾਈ ਇਕ ਨਾਜ਼ੁਕ ਮੋੜ ‘ਤੇ ਪਹੁੰਚ ਗਈ ਹੈ। ਸਿਹਤਮੰਦ, ਕੋਵਿਡ ਮੁਕਤ ਭਾਰਤ ਦੀ ਮੁਹਿੰਮ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਦੇਸ਼ ਵਿੱਚ ਬਣਾਏ ਗਏ ਟੀਕੇ ਨੂੰ ਪ੍ਰਵਾਨਗੀ ਮਿਲਣ ਨਾਲ ਹੋਰ ਮਜ਼ਬੂਤੀ ਮਿਲੀ ਹੈ। ਮੈਂ ਇਸ ਮੁਹਿੰਮ ਵਿਚ ਸ਼ਾਮਲ ਸਾਰੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਵਧਾਈ ਦਿੰਦਾ ਹਾਂ। ”
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਸੀਂ ਗਲੋਬਲ ਆਰਥਿਕਤਾ ਵਿੱਚ ਮਹੱਤਵਪੂਰਣ ਯੋਗਦਾਨ ਪਾਉਣ ਵਿੱਚ ਸਫ਼ਲ ਰਹੇ ਹਾਂ। ਆਤਮ ਨਿਰਭਰ ਭਾਰਤ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਦੇਸ਼ ਵਾਸੀਆਂ ਦਾ ਮਨ ਅਤੇ ਧਾਰਨਾ ਸਵਦੇਸ਼ੀ ਸਾਮਾਨ ਵੱਲ ਵੱਧ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਭਾਰਤ ਨੇ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
“ਨਾਨਕ ਨਾਮ ਚੜ੍ਹਦੀ ਕਲਾ, ਤੇਰਾ ਭਾਣੇ ਸਰਬੱਤ ਦਾ ਭਲਾ” ਨਾਲ ਸਮਾਪਤੀ ਕਰਦਿਆਂ ਰਾਜਪਾਲ ਨੇ ਉਮੀਦ ਜਤਾਈ ਕਿ ਅਸੀਂ ਇੱਕ ਨਵੀਂ ਸੋਚ, ਨਵੇਂ ਵਿਚਾਰ, ਦੇਸ਼ ਭਗਤੀ ਅਤੇ ਸਮਰਪਣ ਨਾਲ ਪੰਜਾਬ ਅਤੇ ਦੇਸ਼ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਾਂਗੇ।
ਇਸ ਤੋਂ ਪਹਿਲਾਂ ਰਾਜਪਾਲ ਨੇ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਪੰਜਾਬ ਪੁਲਿਸ (ਪੀਆਰਟੀਸੀ ਜਹਾਨਖੇਲਾਂ), ਯੂਟੀ (ਚੰਡੀਗੜ੍ਹ) ਪੁਲਿਸ, ਪੰਜਾਬ ਪੁਲਿਸ ਦੇ ਬ੍ਰਾਸ ਐਂਡ ਪਾਈਪ ਬੈਂਡ ਅਤੇ ਐਨਸੀਸੀ ਕੈਡੇਟਾਂ ਦੀ ਇਕ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ।
ਇਸ ਮੌਕੇ ਸਮਾਜਿਕ ਮੁੱਦਿਆਂ ਨੂੰ ਦਰਸਾਉਂਦੀਆਂ ਝਾਂਕੀਆਂ ਵੀ ਕੱਢੀਆਂ ਗਈਆਂ। ਮਹੱਤਵਪੂਰਨ ਗੱਲ ਇਹ ਰਹੀ ਕਿ ਪੂਰੇ ਗਣਤੰਤਰ ਦਿਵਸ ਪਰੇਡ ਵਿਚ ਸਿਰਫ ਇਕੋ ਮਹਿਲਾ ਭਾਗੀਦਾਰ ਸੀ ਜਿਸ ਨੇ ਪਰੇਡ ਕਮਾਂਡਰ ਦੀ ਸਭ ਤੋਂ ਅਹਿਮ ਭੂਮਿਕਾ ਨਿਭਾਈ।