By Admin
ਸਮਾਜ-ਸੇਵੀਆਂ ਵੱਲੋਂ ਕੀਤੀ ਦਰਦਮੰਦਾਂ ਦੀ ਸੇਵਾ ਤੋਂ ਨਾ ਸਿਰਫ ਬਠਿੰਡਾ ਵਾਸੀ ਸਗੋਂ ਪ੍ਰਮਾਤਮਾ ਵੀ ਹੋਵੇਗਾ ਰਾਜੀ: ਮਨਪ੍ਰੀਤ ਬਾਦਲ
50 ਬੈੱਡਾਂ ਵਾਲੇ ਕੋਵਿਡ ਕੇਅਰ ਸੈਂਟਰ ਦੀ ਕੀਤੀ ਸ਼ੁਰੂਆਤ
ਮੈਰੀਟੋਰੀਅਸ ਸਕੂਲ ਵਿਖੇ ਬਣਾਇਆ ਗਿਆ ਹੈ ਕੋਵਿਡ ਕੇਅਰ ਸੈਂਟਰ
ਬਠਿੰਡਾ, 21 ਮਈ : ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇੱਥੋਂ ਦੀਆਂ 24 ਵੱਖ-ਵੱਖ ਸਮਾਜ ਸੇਵੀ ਜੱਥੇਵੰਦੀਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਬਣਾਏ ਗਏ ਬਠਿੰਡਾ ਕੋਵਿਡ ਕੇਅਰ ਸੈਂਟਰ ਦੀ ਅੱਜ ਇੱਥੇ ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ੁਰੂਆਤ ਕੀਤੀ ਗਈ। ਸਥਾਨਕ ਮੈਰੀਟੋਰੀਅਸ ਸਕੂਲ ਵਿਖੇ 15 ਲੱਖ ਦੀ ਲਾਗਤ ਨਾਲ ਬਣਾਏ ਗਏ ਇਸ ਕੋਵਿਡ ਕੇਅਰ ਸੈਂਟਰ ਵਿਖੇ ਹਾਲ ਦੀ ਘੜੀ ਲੈਵਲ 2 ਲਈ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜ਼ਰੂਰਤ ਪੈਣ ਤੇ ਇਸ ਦੇ ਵਿਸਥਾਰ ਵਿੱਚ ਹੋਰ ਵਾਧਾ ਕੀਤਾ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਸ ਵਡਮੁੱਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀਆਂ ਵੱਲੋਂ ਇਕੱਠੇ ਹੋ ਕੇ ਮੁਸੀਬਤ ਦੀ ਘੜੀ ਵਿੱਚ ਦਰਦਮੰਦਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਤੋਂ ਨਾ ਸਿਰਫ ਬਠਿੰਡਾ ਵਾਸੀ ਸਗੋਂ ਪ੍ਰਮਾਤਮਾ ਵੀ ਰਾਜੀ ਹੋਵੇਗਾ।
ਵਿੱਤ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਨੇ ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਮਹਾਨ ਦੱਸਦਿਆਂ ਕਿਹਾ ਕਿ ਇਸ ਕੋਵਿਡ ਕੇਅਰ ਸੈਂਟਰ ਵਿਖੇ ਜਿੱਥੇ ਕਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਤੇ ਦਵਾਈਆਂ ਮੁਫਤ ਹੋਣਗੇ ਉੱਥੇ ਹੀ ਮਰੀਜ਼ਾ ਨਾਲ ਆਉਣ ਵਾਲੇ ਪ੍ਰਵਾਰਿਕ ਮੈਂਬਰਾਂ ਲਈ ਮੁਫਤ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਬਠਿੰਡਾ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਜੇਕਰ ਇਸ ਕੋਵਿਡ ਕੇਅਰ ਸੈਂਟਰ ਲਈ ਹੋਰ ਵੀ ਮਦਦ ਦੀ ਲੋੜ ਪਈ ਤਾਂ ਉਹ ਕਦੇ ਪਿੱਛੇ ਨਹੀਂ ਹੱਟਣਗੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਤਹਿਸੀਲਦਾਰ ਬਠਿੰਡਾ ਸ੍ਰੀ ਸੁਖਬੀਰ ਸਿੰਘ ਬਰਾੜ, ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਡਾ.ਹਰਿੰਦਰਪਾਲ ਸਿੰਘ, ਸ੍ਰੀ ਪਵਨ ਮਾਨੀ, ਸ੍ਰੀ ਅਰੁਣ ਵਧਾਵਨ ਤੋਂ ਇਲਾਵਾ ਹੋਰ ਡਾਕਟਰੀ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
I/185517/2021