You are currently viewing ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ-ਵਿਧਾਇਕ ਬੁੱਧ ਰਾਮ

ਲੋੜਵੰਦ ਲੋਕਾਂ ਨੂੰ ਮਕਾਨ ਬਣਾਉਣ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ-ਵਿਧਾਇਕ ਬੁੱਧ ਰਾਮ

ਬੁਢਲਾਡਾ/ਮਾਨਸਾ, 17 ਸਤੰਬਰ:
ਆਵਾਸ ਹਰ ਇਨਸਾਨ ਦੀ ਮੁੱਢਲੀ ਲੋੜ ਹੁੰਦੀ ਹੈ, ਹਰੇਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਆਪਣਾ ਘਰ ਹੋਵੇ। ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਲੋੜਵੰਦ ਦੀ ਮਦਦ ਕਰਨ ਲਈ ਯਤਨਸ਼ੀਲ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਬੀ.ਡੀ.ਪੀ.ਓ.ਦਫਤਰ ਬੁਢਲਾਡਾ ਵਿਖੇ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਜਾਰੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪਣ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਅੱਜ 125 ਲੋੜਵੰਦਾਂ ਨੂੰ ਮਕਾਨ ਬਣਾਉਣ ਲਈ ਜਾਰੀ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਮਕਾਨ ਬਣਾਉਣ ਲਈ 01 ਲੱਖ 20 ਹਜ਼ਾਰ ਰੁਪੈ ਹਰੇਕ ਤਿੰਨ ਕਿਸ਼ਤਾਂ ਰਾਹੀਂ ਮਿਲਣਗੇ, ਜਿਸ ਦੀ 30 ਹਜ਼ਾਰ ਰੁਪੈ ਦੀ ਪਹਿਲੀ ਕਿਸ਼ਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ।
ਸ੍ਰ. ਬੁੱਧ ਰਾਮ ਨੇ ਦੱਸਿਆ ਕਿ ਹਲਕਾ ਬੁਢਲਾਡਾ ਵਿੱਚ 2086 ਲੋੜਵੰਦਾਂ ਨੇ ਮਕਾਨ ਬਣਾਉਣ ਲਈ ਦਰਖ਼ਾਸਤਾਂ ਦਿੱਤੀਆਂ ਸਨ, ਜਿੰਨ੍ਹਾਂ ਵਿਚੋਂ ਯੋਗ ਲੋੜਵੰਦ ਲਾਭਪਾਤਰੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰੀ ਰਕਮ ਪਾ ਦਿੱਤੀ ਜਾਵੇਗੀ ਅਤੇ ਹਲਕੇ ਦੇ ਬਾਕੀ ਪਿੰਡਾਂ ਦੇ ਲੋੜਵੰਦਾਂ ਨੂੰ ਜਲਦੀ ਮਨਜ਼ੂਰੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਵੇਲੇ ਨਰੇਗਾ ’ਚੋਂ ਦਿਹਾੜੀ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਪੰਚਾਇਤ ਸਕੱਤਰਾਂ ਤੋਂ ਇਲਾਵਾ ਮੇਜਰ ਸਿੰਘ ਧਾਲੀਵਾਲ ਬੀ.ਡੀ.ਪੀ.ਓ. ਬੁਢਲਾਡਾ, ਨਿਖਿਲ ਲਾਕੜਾ ਜੇ.ਈ., ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਚਮਕੌਰ ਸਿੰਘ ਖੁਡਾਲ ਮਾਰਕੀਟ ਕਮੇਟੀ ਬਰੇਟਾ, ਸੋਹਣਾ ਸਿੰਘ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜ਼ਿਲ੍ਹਾ ਮਾਨਸਾ, ਬਲਵਿੰਦਰ ਸਿੰਘ ਔਲਖ ਪੀ.ਏ., ਗੁਰਦਰਸ਼ਨ ਸਿੰਘ ਪਟਵਾਰੀ, ਬਲਾਕ ਪ੍ਰਧਾਨ ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕੁਲਵਿੰਦਰ ਸਿੰਘ ਖੁਡਾਲ, ਰਮਨ ਸਿੰਘ ਗੁੜੱਦੀ, ਹਰਵਿੰਦਰ ਸਿੰਘ ਸੇਖੋਂ, ਜਗਵਿੰਦਰ ਸਿੰਘ ਧਰਮਪੁਰਾ, ਵੀਰ ਸਿੰਘ ਬੋੜਾਵਾਲ, ਜਸਵਿੰਦਰ ਸਿੰਘ ਅੱਕਾਂਵਾਲੀ ਆਦਿ ਹਾਜ਼ਰ ਸਨ।