By Gurlal
ਕੋਵਿਡ-19
ਯੋਜਨਾਬੱਧ ਤਰੀਕੇ ਨਾਲ ਉਸਾਰੀ ਕਿਰਤੀਆਂ ਦਾ ਕੀਤਾ ਜਾਵੇ ਟੀਕਾਕਰਨ : ਡਿਪਟੀ ਕਮਿਸ਼ਨਰ
ਕਿਹਾ, ਸਮੇਂ ਸਿਰ ਟੈਸਟ ਤੇ ਟੀਕਾਕਰਨ ਕਰਵਾਇਆ ਜਾਵੇ ਲਾਜ਼ਮੀ
ਰੋਜ਼ਾਨਾ ਸ਼ਡਿਊਲ ਬਣਾ ਕੇ ਕੀਤੀ ਜਾਵੇ ਸੈਂਪਲਿੰਗ ਤੇ ਵੈਕਸੀਨੇਸ਼ਨ
ਬਠਿੰਡਾ, 10 ਮਈ : ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਓੂ ਮੀਟਿੰਗ ਕੀਤੀ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰੀਵਿਊ ਮੀਟਿੰਗ ਦੌਰਾਨ ਉਨਾਂ ਕੋਵਿਡ ਨਾਲ ਸਬੰਧਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੈਂਪਲਿੰਗ ਤੇ ਵੈਕਸੀਨੇਸ਼ਨ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਉਣ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਸਿਹਤ ਵਿਭਾਗ ਵਲੋਂ ਅੱਜ ਤੋਂ ਤੀਸਰੇ ਪੜ੍ਹਾਅ ਤਹਿਤ ਮੁਫ਼ਤ ਕੋਰੋਨਾ ਟੀਕਾਕਰਨ ਮੁਹਿੰਮ ਅਧੀਨ 18 ਤੋਂ 44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਦਾ ਮੁਫ਼ਤ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਅੰਦਰ ਇਸ ਸਮੇਂ ਕਿਰਤ ਵਿਭਾਗ ਚ ਲਗਭਗ 8500 ਉਸਾਰੀ ਕਾਮੇ ਰਜਿਸਟਰਡ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ ਇਸ ਟੀਕਾਕਰਨ ਨੂੰ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਕੋਈ ਵੀ ਉਸਾਰੀ ਕਿਰਤੀ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਕੋਰੋਨਾ ਸੈੱਲ ਦੇ ਇੰਚਾਰਜਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਸ਼ਡਿਊਲ ਬਣਾ ਕੇ ਸੈਂਪਲਿੰਗ ਅਤੇ ਵੈਕਸੀਨੇਸ਼ਨ ਕੀਤੀ ਜਾਵੇ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਬਿਮਾਰੀ ਦੇ ਵੱਧ ਰਹੇ ਫੈਲਾਅ ਨੂੰ ਰੋਕਣ ਲਈ ਸਮੇਂ ਸਿਰ ਟੈਸਟ ਤੇ ਟੀਕਾਕਰਨ ਕਰਵਾਉਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤੇ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਹੋਣ ਜਾਂ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਤਰੁੰਤ ਜਾਂਚ ਕਰਵਾਈ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਯਾਦਵਿੰਦਰ ਸਿੰਘ, ਕੋਵਿਡ ਸੈਲ ਦੇ ਜ਼ਿਲਾ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।