By Gurlal Singh
ਐਸ.ਏ.ਐਸ. ਨਗਰ 10 ਮਾਰਚ
ਝੋਨੇ ਦੀ ਪਰਾਲੀ ਬਿਨਾਂ ਜਲਾਏ ਇਸ ਦੀ ਸੁਚੱਜੀ ਸੰਭਾਲ ਦੇ ਮੰਤਵ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੁਆਰਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਦੇ ਕਰਮਚਾਰੀਆਂ ਲਈ ਮੋਹਾਲੀ ਵਿਖੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਐਸੋਸੀਏਟ ਡਾਇਰੈਕਟਰ, ਕੇ.ਵੀ.ਕੇ. ਡਾ. ਪਰਮਿੰਦਰ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਹੋਣ ਕਰਕੇ ਤਕਰੀਬਨ ਹਰ ਸਾਲ 80% ਪਰਾਲੀ ਨੂੰ ਜਲਾਇਆ ਜਾਂਦਾ ਹੈ। ਇਸ ਘੱਟ ਸਮੇਂ ਵਿੱਚ ਪਰਾਲੀ ਦਾ ਸਹੀ ਨਿਪਟਾਰਾ ਕਰਨਾ ਵੱਡੀ ਸਮੱਸਿਆ ਹੈ। ਉਹਨਾਂ ਪਸ਼ੂਧਨ ਲਈ ਝੋਨੇ ਦੀ ਪਰਾਲੀ ਨੂੰ ਖਾਣਯੋਗ ਬਣਾਉਣ ਲਈ ਭੌਤਿਕ, ਰਸਾਇਣਿਕ ਅਤੇ ਜੈਵਿਕ ਵਿਧੀਆਂ ਤੇ ਚਾਨਣਾ ਪਾਇਆ।ਪ੍ਰੋਗਰਾਮ ਦੌਰਾਨ ਮੁੱਖ ਖੇਤੀਬਾੜੀ ਅਫਸਰ, ਮੋਹਾਲੀ ਨੇ ਕਰਮਚਾਰੀਆਂ ਨੂੰ ਪਰਾਲੀ ਦੀ ਸੰਭਾਲ ਸੰਬੰਧੀ ਮਸ਼ੀਨਰੀ ਦੀ ਸਹੀ ਚੋਣ ਕਰਨ ਲਈ ਕਿਸਾਨਾਂ ਦਾ ਸਾਥ ਦੇਣ ਦਾ ਸੰਦੇਸ਼ ਦਿੱਤਾ। ਡਿਪਟੀ ਡਾਇਰੈਕਟਰ, ਬਾਗਬਾਨੀ, ਡਾ. ਦਿਨੇਸ਼ ਕੁਮਾਰ ਨੇ ਫ਼ਸਲੀ ਵਿਭਿੰਨਤਾ ਅਤੇ ਡਿਵਿਜ਼ਨਲ ਭੂਮੀ ਰੱਖਿਆ ਅਫਸਰ ਹਰਜਿੰਦਰ ਸਿੰਘ ਨੇ ਕਿਸਾਨਾਂ ਦਾ ਪਰਾਲੀ ਸੰਭਾਲ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਜ਼ੋਰ ਦਿੱਤਾ। ਇਸ ਮੌਕੇ ਕੇ.ਵੀ.ਕੇ. ਸਮਰਾਲਾ ਤੋਂ ਸਹਾਇਕ ਪ੍ਰੋਫੈਸਰ, ਡਾ. ਹਰਸ਼ਨੀਤ ਸਿੰਘ ਨੇ ਮਿੱਟੀ ਦੀ ਮਹੱਤਤਾ ਅਤੇ ਇਸਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ। ਕੇ.ਵੀ.ਕੇ. ਰੋਪੜ ਤੋਂ ਸਹਾਇਕ ਪ੍ਰੋਫੈਸਰ, ਡਾ. ਉਪਿੰਦਰ ਸਿੰਘ ਅਤੇ ਕੇ.ਵੀ.ਕੇ. ਮੋਹਾਲੀ ਤੋਂ ਸਹਾਇਕ ਪ੍ਰੋਫੈਸਰ, ਡਾ. ਨਵਜੋਤ ਸਿੰਘ ਨੇ ਪਰਾਲੀ ਦੀ ਖੇਤ ਵਿੱਚ ਸੰਭਾਲ ਕਰਨ ਲਈ ਲੋੜੀਂਦੀ ਮਸ਼ੀਨਰੀ ਬਾਰੇ ਵਿਸਥਾਰ ਪੂਰਵਕ ਦੱਸਿਆ।ਉਹਨਾਂ ਹੈਪੀ ਸੀਡਰ ਦੁਆਰਾ ਕਣਕ ਦੀ ਬਿਜਾਈ ਕਰਨ ਲਈ ਝੋਨੇ ਨੂੰ ਆਖਰੀ ਪਾਣੀ 35-40 ਦਿਨ ਪਹਿਲਾਂ ਲਾਉਣ ਦੀ ਸਲਾਹ ਦਿੱਤੀ। ਪ੍ਰੋਗਰਾਮ ਇੰਚਾਰਜ ਡਾ. ਵਿਕਾਸ ਫੂਲੀਆ ਅਤੇ ਡਾ. ਹਰਮੀਤ ਕੌਰ ਨੇ ਕੇ.ਵੀ.ਕੇ. ਮੋਹਾਲੀ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਕੇ.ਵੀ.ਕੇ. ਦੁਆਰਾ ਫ਼ਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ।ਕੇ.ਵੀ.ਕੇ. ਤੋਂ ਡਾ. ਮੁਨੀਸ਼ ਸ਼ਰਮਾ ਨੇ ਪਰਾਲੀ ਦੀ ਬਾਗਬਾਨੀ ਵਿੱਚ ਵਰਤੋਂ ਬਾਰੇ ਦੱਸਿਆ। ਉਹਨਾਂ ਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਸਰਦੀ ਅਤੇ ਗਰਮੀ ਤੋਂ ਬਚਾਉਣ ਲਈ ਪਰਾਲੀ ਦੀ ਵਰਤੋਂ ਕਰਨ ਬਾਰੇ ਦੱਸਿਆ।ਡਾ. ਪਾਰੁਲ ਗੁਪਤਾ ਨੇ ਪਰਾਲੀ ਦੀ ਖੇਤ ਤੋਂ ਬਾਹਰ ਸੰਭਾਲ ਸੰਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਪਰਾਲੀ ਤੋਂ ਸਜਾਵਟੀ ਵਸਤੂਆਂ ਬਣਾਉਣ ਵੱਲ ਧਿਆਨ ਦਿਵਾਇਆਂ।ਪ੍ਰੋਗਰਾਮ ਦੇ ਅੰਤ ਵਿੱਚ ਕਰਮਚਾਰੀਆਂ ਨੇ ਪਰਾਲੀ ਦੀ ਸੁਚੱਜੀ ਸੰਭਾਲ ਸੰਬੰਧੀ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਇਸ ਵਰਕਸ਼ਾਪ ਦੁਆਰਾ ਉਹਨਾਂ ਦੇ ਗਿਆਨ ਵਿੱਚ ਹੋਰ ਵਾਧਾ ਹੋਇਆ ਹੈ। ਉਹਨਾਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਦੀ ਅਪੀਲ ਕੀਤੀ। ਅੰਤ ਵਿੱਚ ਡਾ. ਪਰਮਿੰਦਰ ਸਿੰਘ ਨੇ ਸਾਰੇ ਕਰਮਚਾਰੀਆਂ ਦਾ ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।