ਮਨ ਦੀਆਂ ਰਮਜ਼ਾਂ ਕਦੇ ਸਮਝ ਈ ਨਹੀਂ ਆਂਉਂਦੀਆਂ । ਜੋ ਸਿਧਾਂਤ ਪਹਿਲਾਂ ਪੇਸ਼ ਕਰਦਾ ੲੇ ਕੁਝ ਸਮੇਂ ਬਾਅਦ ੳੁਸੇ ਨੂੰ ਰੱਦ ਕਰਕੇ ਫੇਰ ਨਵਾਂ ਸਿਧਾਂਤ ਪੇਸ਼ ਕਰਦਾ ੲੇ ।
ਕੁਝ ਵਕਤ ਪਹਿਲਾਂ ਮਨ ਕਹਿੰਦਾ ਸੀ ਰੱਜ ਰੱਜ ਹੱਸਣ ਵੇਲੇ ਜਾਂ ਹਉਂਕੋ ਹਉਂਕੀ ਰੋਣ ਵੇਲੇ ਕੋਈ ਇੱਕ ਕਿਸੇ ਹਮਖ਼ਿਅਾਲ ਦਾ ਮੋਢਾ ਹੋਣਾ ਚਾਹੀਦਾ ਜਿਸ ‘ਤੇ ਦੋਨਾਂ ਹਾਲਤਾਂ ‘ਚ ਸਿਰ ਸਿੱਟ ਕੇ ਦੁੱਖ ਸੁੱਖ ਵੰਡਿਅਾ ਜਾ ਸਕਦਾ ਹੋਵੇ । ਇਹ ਮੋਢਾ ਮਾਂ ਬਾਪ ਵੀਰ ਤੋਂ ਲੈ ਕੇ ਦੋਸਤ ਤੱਕ ਕਿਸੇ ਦਾ ਵੀ ਹੋ ਸਕਦਾ ਏ । ਗੱਲ ਤਾਂ ਮਨ ਮਿਲੇ ਦੀ ਏ ਨਾ?
ਹੁਣ ਮਨ ਕਹਿੰਦਾ ਏ ਜੇ ਦੁੱਖ ਸੁੱਖ ਤੇਰੇ ਆ ਤਾਂ ਮੋਢਾ ਵੀ ਤੇਰਾ ਈ ਹੋਣਾ ਚਾਹੀਦਾ ਏ । ਜੋ ਘੱਟੋ ਘੱਟ ਜਿਊਂਦੇ ਜੀਅ ਤਾਂ ਤੇਰੀ ਵਗਾਰ ਢੋਣ ਤੋਂ ਇਨਕਾਰੀ ਨਹੀਂ ਹੋ ਸਕਦਾ । ਅੱਜਕੱਲ੍ਹ ਦੁਨੀਆਂ ‘ਤੇ ਹਰ ਇਨਸਾਨ ਦੇ ਮੋਢਿਆਂ ‘ਤੇ ਪਹਿਲਾਂ ਹੀ ਬੜੇ ਬੋਝ ਨੇ, ਦੁਨੀਆਂ ਦੇ, ਸਮਾਜ ਦੇ, ਪ੍ਰੀਵਾਰਾਂ ਦੇ ਤੇ ਹੋਰ ਬੜੇ ਸਾਰੇ । ਸੋ ਮਨ ਕਹਿੰਦਾ ਏ ਕਿ ਦਿਲ ਦੀ ਬੁਰੀ ਤੋਂ ਬੁਰੀ ਅਵਸਥਾ ਵਿੱਚ ਵੀ ਕਿਸੇ ਮੋਢੇ ਦੀ ਝਾਕ ਨਾ ਕਰੋ, ਕੀ ਪਤਾ ਕਦੋਂ ਦੁਨੀਆਂ ਤੁਹਾਡੇ ਸਿਰ ਹੇਠ ਆਸਰਾ ਬਣੇ ਮੋਢੇ ਨੂੰ ਖਿੱਚ ਲਵੇ । ਆਪਣਾ ਖ਼ਿਆਲ ਆਪ ਰੱਖੋ ਕਿਉਂ ਕਿਸੇ ਦਰਵੇਸ਼ ਦੇ ਪਹਿਲੋਂ ਭਾਰੀ ਮੋਢਿਆਂ ‘ਤੇ ਆਪਣੇ ਹੰਝੂਆਂ ਦਾ ਭਾਰ ਪਾ ਕੇ ਉਹਨੂੰ ਹੋਰ ਤਕਲੀਫਜ਼ਦਾ ਕਰਨਾ । ਆਪਣੇ ‘ਤੇ ਬਣੀਆਂ ਆਪੇ ਭੁਗਤੋ । ਸਭ ਨੂੰ ਰੱਜ ਰੱਜ ਪਿਆਰ ਕਰੋ ।
ਖੁਦ ਨਾਲੋਂ ਜ਼ਿਆਦਾ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ । ਖੁਦ ਨਾਲੋਂ ਜ਼ਿਆਦਾ ਤੁਹਾਡੇ ਨਾਲ ਕੋਈ ਇਮਾਨਦਾਰੀ ਨਹੀਂ ਨਿਭਾ ਸਕਦਾ । ਜੇ ਆਪਣੇ ਆਪ ਨਾਲ ਜੀਣਾ ਸਿੱਖ ਲਿਆ ਜਾਵੇ ਸਮਝੋ ਉਮਰ ਦੇ ਕੁਝ ਸਾਲ ਵੱਧ ਗਏ ।
ਡਾਇਰੀ ਦੇ ਪੰਨਿਆਂ ‘ਚੋਂ
ਰਮਨ ਤੂਰ
+91 88727 06491