ਗ੍ਰਿਫ਼ਤਾਰ ਕਾਰਕੁੰਨਾਂ ਦੇ ਹੱਕ ਵਿੱਚ ਇਕੱਠੇ ਹੋਏ ਸ਼ਹਿਰ ਦੇ ਨਾਗਰਿਕ!
ਕੱਲ੍ਹ ਔਰਤ ਦਿਹਾੜੇ ‘ਤੇ 17 ਸੈਕਟਰ ਪਲਾਜ਼ਾ ਵਿੱਚ ਹੋਵੇਗਾ ਰੋਸ ਮੁਜ਼ਾਹਰਾ!
ਮੋਹਾਲੀ 7 ਮਾਰਚ (ਗੁਰਲਾਲ ਸਿੰਘ)
ਅੱਜ ਸੈਕਟਰ 28 ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸ਼ਹਿਰ ਦੇ ਪ੍ਰੋਫੈਸਰ, ਕਲਾਕਾਰ, ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕੱਲ੍ਹ ਹੱਲੋਮਾਜਰਾ ਵਿੱਚ ਬਲਾਤਕਾਰ ਤੇ ਕਤਲ ਕੀਤੀ ਮਾਸੂਮ ਬੱਚੀ ਲਈ ਇਨਸਾਫ ਮੰਗ ਰਹੇ ਕਾਰਕੁੰਨਾਂ ਦੀ ਕੀਤੀ ਨਜ਼ਾਇਜ਼ ਗ੍ਰਿਫ਼ਤਾਰੀ ਸੰਬੰਧੀ ਐਲਾਨ ਕੀਤਾ ਗਿਆ ਕਿ ਕੱਲ੍ਹ ਇਸ ਮਸਲੇ ‘ਤੇ ਸ਼ਹਿਰ ਦੇ ਮਜ਼ਦੂਰ, ਵਕੀਲ, ਕਾਰਕੁੰਨ, ਬੁੱਧੀਜੀਵੀ ਮਿਲ਼ਕੇ ਵੱਡਾ ਰੋਸ ਮੁਜ਼ਾਹਰਾ ਕਰਨਗੇ।
ਇਸ ਮੌਕੇ ਹਾਜ਼ਰ ਨੌਜਵਾਨ ਭਾਰਤ ਸਭਾ ਦੇ ਮਾਨਵਜੋਤ ਨੇ ਦੱਸਿਆ ਕਿ ਕੱਲ੍ਹ ਸ਼ਾਮ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਚੁੱਕਿਆ ਤੇ ਉਹਨਾਂ ਨਾਲ਼ ਠਾਣੇ ਵਿੱਚ ਮਾਰਕੁੱਟ ਕੀਤੀ ਗਈ। ਪੁਲਸ ਪ੍ਰਸ਼ਾਸਨ ਗ੍ਰਿਫਤਾਰ ਕਾਰਕੁੰਨਾਂ ‘ਤੇ ਝੂਠੇ ਦੋਸ਼ ਲਾ ਰਿਹਾ ਹੈ ਜਦਕਿ ਇਹ ਕਾਰਕੁੰਨ ਕੋਈ ਭੜਕਾਊ ਅਨਸਰ ਨਹੀਂ ਸਗੋਂ ਲੰਬੇ ਸਮੇਂ ਤੋਂ ਲੋਕ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵੀ ਇਹ ਲਗਾਤਾਰ ਸ਼ਾਮਲ ਰਹੇ ਹਨ। ਅੱਜ ਸਾਨੂੰ ਲੋਕਾਂ ਦੇ ਆਵਾਜ਼ ਉਠਾਉਣ ਦੇ ਇਸ ਹੱਕ ‘ਤੇ ਹੋ ਰਹੇ ਗੈਰ-ਜਮਹੂਰੀ ਹਮਲੇ ਦਾ ਡਟਕੇ ਵਿਰੋਧ ਕਰਨਾ ਪਵੇਗਾ। ਹੱਲੋਮਾਜਰਾ ਇਲਾਕੇ ਵਿੱਚ ਦਹਿਸ਼ਤ ਪਾਉਣ ਦੇ ਮਕਸਦ ਨਾਲ਼ ਪੁਲਸ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਮਗਰੋਂ ਵੀ ਹੋਰ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲ਼ੋਂ ਇਹ ਫ਼ੈਸਲਾ ਕੀਤਾ ਗਿਆ ਕਿ ਕੱਲ੍ਹ ਸੈਕਟਰ 17 ਪਲਾਜ਼ਾ ਦੇ ਵਿੱਚ ਔਰਤ ਦਿਵਸ ‘ਤੇ ਵੱਡਾ ਇਕੱਠ ਕਰਕੇ ਔਰਤ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲ਼ੇ ਕਾਰਕੁੰਨਾਂ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਮੌਕੇ ਨੌਜਵਾਨ ਭਾਰਤ ਸਭਾ ਤੋਂ ਮਾਨਵਜੋਤ, ਬੇਖੌਫ ਆਜ਼ਾਦੀ ਤੋਂ ਸ਼ੈਲਜਾ, ਪ੍ਰੋਫੈਸਰ ਮਨਜੀਤ, ਪ੍ਰੋਫ਼ੈਸਰ ਜਤਿੰਦਰ, ਨਾਟਕਕਾਰ ਸੈਮੂਅਲ ਜੌਨ ਤੇ ਜਗਦੀਸ਼ ਤਿਵਾੜੀ ਤੇ ਹੋਰ ਲੋਕ ਸ਼ਾਮਲ ਸਨ।