ਕੋਰੋਨਾ ਦੇ ਸਖਤ ਨਿਯਮਾਂ ਦੀ ਪਾਲਣਾ ਹੇਠ ਪੰਜਾਬ ਭਰ ਚ ਸ਼ੁਰੂ ਹੋਈ ਪੰਜਵੀਂ ਦੀ ਪ੍ਰੀਖਿਆ
ਮਾਪਿਆਂ ਨੇ ਸਿੱਖਿਆ ਵਿਭਾਗ ਦੇ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ
ਐੱਸ ਏ ਐੱਸ ਨਗਰ 16 ਮਾਰਚ(ਗੁਰਲਾਲ ਸਿੰਘ)-
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ
ਅੱਜ ਤੋਂ ਹੋਈ ਸ਼ੁਰੂ ਹੋਈ ਪੰਜਵੀਂ ਦੀ ਪ੍ਰੀਖਿਆ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਨਿਯਮਾਂ ਦਾ ਸਖਤ ਪਹਿਰਾ ਰਿਹਾ।ਜਿਸ ਕਾਰਨ ਨੰਨ੍ਹੇ ਬੱਚਿਆਂ ਦੇ ਮਾਪਿਆਂ ਨੇ ਭਰੋਸਾ ਜ਼ਾਹਿਰ ਕੀਤਾ ਕਿ ਹੁਣ ਉਨ੍ਹਾਂ ਦੇ ਬੱਚੇ ਬਿਨਾਂ ਕਿਸੇ ਡਰ ਭੈਅ ਤੋ ਅਪਣਾ ਇਮਤਿਹਾਨ ਦੇ ਸਕਣਗੇ। ਪੰਜਾਬ ਭਰ ਵਿੱਚ 3.21 ਲੱਖ ਵਿਦਿਆਰਥੀਆਂ ਲਈ ਬਣਾਏ 18080 ਪ੍ਰੀਖਿਆ ਕੇਂਦਰਾਂ ਵਿੱਚ ਕਿਧਰੇ ਵੀ ਕਿਸੇ ਉਲੰਘਣਾ ਦੀ ਘਟਨਾ ਸਾਹਮਣੇ ਨਹੀਂ ਆਈ। ਰਾਜ ਭਰ ਵਿੱਚ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਬੱਚਿਆਂ ਦੀ ਸਿਹਤ ਦਾ ਪੂਰਾ ਫਿਕਰ ਕਰਦਿਆਂ ਲੋੜੀਂਦੇ ਸਾਰੇ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਕੀਤੀ। ਕੀਤੇ ਪ੍ਰਬੰਧਾਂ ਵਿੱਚ ਕਿਧਰੇ ਵੀ ਕੋਈ ਕੋਤਾਹੀ ਦੇਖਣ ਨੂੰ ਨਹੀਂ ਮਿਲੀ।
ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ ਪੰਜਵੀਂ ਜਮਾਤ ਦੀ ਪ੍ਰੀਖਿਆ ਦਾ ਅੱਜ ਪੰਜਾਬੀ ਦਾ ਪੇਪਰ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ ਬਾਅਦ ਦੁਪਹਿਰ 12.15 ਵਜੇ ਤੱਕ ਲਿਆ ਗਿਆ।
ਬੋਰਡ ਦੀਆਂ ਹਦਾਇਤਾਂ ਅਨੁਸਾਰ ਸਮੂਹ ਜਿਲ੍ਹਾ ਸਿੱਖਿਆ ਅਧਿਕਾਰੀ(ਐਲੀਮੈਂਟਰੀ) ਵੱਲੋਂ ਪ੍ਰੀਖਿਆ ਕੇਂਦਰ ਕੰਟਰੋਲਰਾਂ ਅਤੇ ਸੁਪਰਡੈਂਟਾਂ ਨੂੰ ਪ੍ਰੀਖਿਆ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜਾਰੀ ਕੋਰੋਨਾ ਬਚਾਅ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਪ੍ਰੀਖਿਆਰਥੀ ਅਤੇ ਡਿਊਟੀ ਅਮਲੇ ਲਈ ਮਾਸਕ ਪਹਿਨਣਾ ਲਾਜ਼ਮੀ ਹੋਣ ਦੇ ਨਾਲ ਸੋਸ਼ਲ ਡਿਸਟੈਂਸ ਦਾ ਧਿਆਨ ਵੀ ਲਾਜ਼ਮੀ ਤੌਰ ‘ਤੇ ਰੱਖਣ ਲਈ ਕਿਹਾ ਗਿਆ ਹੈ।ਅਧਿਕਾਰੀਆਂ ਨੇ ਕੋਰੋਨਾ ਬਚਾਅ ਹਦਾਇਤਾਂ ਬਾਬਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪੋ ਆਪਣੇ ਬੱਚਿਆਂ ਨੂੰ ਪ੍ਰੀਖਿਆ ਲਈ ਜਰੂਰੀ ਸਮੱਗਰੀ ਜੁਮੈਟਰੀ, ਪੈੱਨ, ਪੈਨਸਿਲ ਆਦਿ ਜਰੂਰ ਦੇ ਕੇ ਭੇਜਿਆ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਇਹ ਵਸਤਾਂ ਆਪਸ ਵਿੱਚ ਸਾਂਝੀਆਂ ਕਰਨ ਦੀ ਨੌਬਤ ਹੀ ਨਾ ਆਵੇ।ਬੋਰਡ ਵੱਲੋਂ ਵੱਖਰੇ ਤੌਰ ‘ਤੇ ਜਾਰੀ ਪੱਤਰ ‘ਚ ਮਾਪਿਆਂ ਨੂੰ ਵੀ ਆਪੋ ਆਪਣੇ ਬੱਚਿਆਂ ਨੂੰ ਪ੍ਰੀਖਿਆ ਕੇੱਦਰ ਵਿਖੇ ਭੇਜਣ ਤੋਂ ਪਹਿਲਾਂ ਉਹਨਾਂ ਦਾ ਤਾਪਮਾਨ ਚੈੱਕ ਕਰਨ ਲਈ ਕਿਹਾ ਗਿਆ ਹੈ