ਇੱਕ ਕੁੜੀ ( ਕਾਲਪਨਿਕ ਕਹਾਣੀ )
ਇੱਕ ਕੁੜੀ ਮੈਂ ਦੇਖੀ,ਜੋ ਕਿ ਬਹੁਤ ਹੀ ਹੱਸਮੁੱਖ ਅਤੇ ਚੰਚਲ ਸੀ। ਉੱਚੀ ਉੱਚੀ ਤਾੜੀਆਂ ਮਾਰ ਹੱਸਣਾ ਉਸਦੀ ਆਦਤ ਸੀ। ਛੱਲੀਆਂ ਵਰਗੇ ਦੰਦਾਂ ਵਰਗੀ ਇਹ ਕੁੜੀ ਕੱਦ ਕਾਠ ਤੋਂ ਵੀ ਨਿੱਕੀ ਸੀ ਅਤੇ ਇਸ ਕੁੜੀ ਦਾ ਨਾਮ ਵੀ ਨਿੱਕੀ ( ਕਾਲਪਨਿਕ ਨਾਮ ) ਹੀ ਸੀ। ਅੱਖਾਂ ਬੰਦ ਕਰਕੇ ਭਰੋਸਾ ਕਰਨਾ ਨਿੱਕੀ ਦੇ ਸੁਭਾਅ ਵਿੱਚ ਹੀ ਸੀ। ਜੇ ਕੋਈ ਕੋੜ੍ਹੇ ਬੋਲ ਵੀ ਬੋਲਦਾ ਸੀ ਤਾਂ ਕੌੜਾ ਘੁੱਟ ਭਰਕੇ ਸਾਰ ਲੈਂਦੀ ਸੀ। ਨਿੱਕੀ ਆਪਣੇ ਮਾਂ ਪਿਓ ਨੂੰ ਇੰਨਾ ਪਿਆਰ ਕਰਦੀ ਸੀ ਜਿੰਨਾ ਇੰਕ ਮਾਂ ਆਪਣੇ ਬੱਚਿਆਂ ਨੂੰ ਕਰਦੀ ਐ। ਕੁੱਝ ਵੀ ਹੋਵੇ ਮਾਪਿਆਂ ਉੱਤੇ ਜਾਨ ਵਾਰਦੀ ਸੀ ਨਿੱਕੀ। ਨਿੱਕੀ ਦੇ ਹਾਸੇ ਠਹਾਕੇ ਗਲ਼ੀਆਂ ਮੋਹੱਲਿਆ ‘ਚ ਇਸ ਤਰਾਂ ਗੂੰਜਦੇ ਸੀ ਜਿਵੇਂ ਚਿੜੀਆਂ ਚਹਿਕਦੀਆਂ ਹੋਣ। ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਕਿ ਜਿਵੇ ਪਿਓ ਆਪਣੀ ਧੀ ਨੂੰ ਰਾਣੀਆਂ ਵਾਂਗ ਰੱਖਦਾ ਓਵੇਂ ਹੀ ਉਸਦਾ ਜੀਵਨਸਾਥੀ ਵੀ ਉਸਨੂੰ ਰਾਜਕੁਮਾਰੀਆਂ ਵਾਂਗ ਰੱਖੇ। ਨਿੱਕੀ ਦਾ ਵਿਆਹ ਵੱਡੇ ਘਰਾਣੇ ‘ਚ ਹੋਗਿਆ ਪਰ ਇੱਥੋਂ ਉਸਦੀ ਜ਼ਿੰਦਗ਼ੀ ਦਾ ਕਾਲਾ ਦੌਰ ਸ਼ੁਰੂ ਹੋ ਗਿਆ। ਨਿੱਕੀ ਦੇ ਬਹੁਤ ਵੱਡੇ ਸੁਪਨੇ ਸਨ ਪਰ ਵੱਡੇ ਘਰਾਣੇ ਦੇ ਮੁੰਡੇ ਨੇ ਨਿੱਕੀ ਦੇ ਸੁਪਨੇ ਹੀ ਤਹਿਸ ਨਹਿਸ ਕਰਕੇ ਰੱਖ ਦਿੱਤੇ।
ਵਿਆਹ ਤੋਂ ਬਾਅਦ 2 ਕੁ ਮਹੀਨੇ ਨਿੱਕੀ ਦੀ ਜਿੰਦਗੀ ਆਪਣੇ ਸਹੁਰੇ ਘਰ ਬਹੁਤ ਬਹੁਤ ਖੁਸ਼ਹਾਲ ਚੱਲ ਰਹੀ ਸੀ । ਪਰ ਉਸਤੋਂ ਬਾਅਦ ਨਿੱਕੀ ਦੇ ਜੀਵਨਸਾਥੀ ਅਸ਼ੋਕ (ਕਾਲਪਨਿਕ ਨਾਮ )ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਨਿੱਕੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਵਿਆਹ ਇਸ ਕਰਕੇ ਵੱਡੇ ਘਰਾਣੇ ‘ਚ ਹੋਇਆ ਕਿਉਂ ਕਿ ਨਿੱਕੀ ਪਰੀਆਂ ਵਰਗੀ ਦਿਖਦੀ ਸੀ। ਪਰ ਦਾਜ ਦੇ ਲੋਭੀਆਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਬਰਨ ਸ਼ਰੀਰਕ ਸ਼ੋਸ਼ਣ ਕਰਨਾ ਵੀ ਸ਼ੁਰੂ ਕਰ ਦਿੱਤਾ। ਹੱਦਾਂ ਉਦੋਂ ਪਾਰ ਹੋ ਗਈਆਂ ਜਦੋਂ ਨਿੱਕੀ ਦੇ ਚਰਿੱਤਰ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਗਏ ।ਬੱਸ ਇੱਥੇ ਨਿੱਕੀ ਦੇ ਸਬਰ ਦਾ ਬੰਨ ਵੀ ਟੁੱਟ ਗਿਆ। ਨਿੱਕੀ ਰਾਤ ਦੇ ਹਨੇਰੇ ‘ਚ ਆਪਣੇ ਸਹੁਰੇ ਘਰੋਂ ਭੱਜ ਨਿੱਕਲੀ। ਉਸ ਰਾਤ ਬਹੁਤ ਤੇਜ਼ ਬਾਰਸ਼ ਹੋਈ ਅਤੇ ਬਿਜਲੀ ਵੀ ਲਿਸ਼ਕਾਂ ਮਾਰ ਰਹੀ ਸੀ।ਕਹਿ ਲਵੋ ਕਿ ਉਸ ਰਾਤ ਨਿੱਕੀ ਨੂੰ ਢਹਿ ਢੇਰੀ ਹੁੰਦਾ ਦੇਖ ਰੱਬ ਵੀ ਖੂਬ ਰੋਇਆ। ਉਸ ਰਾਤ ਚੰਚਲ ਸੁਭਾਅ ਵਾਲ਼ੀ ਨਿੱਕੀ ਅੰਦਰੋਂ ਬਿਲਕੁੱਲ ਹੀ ਟੁੱਟ ਗਈ ਸੀ। ਰੋਂਦੀ ਕੁਰਲਾਉਂਦੀ ਨਿੱਕੀ ਆਪਣੇ ਪੇਕੇ ਘਰ ਪਹੁੰਚੀ। ਫੁੱਲਾਂ ਵਾਂਗ ਪਾਲੀ ਧੀ ਦਾ ਮੰਦੜਾ ਹਾਲ ਵੇਖ ਮਾਂ ਅਤੇ ਪਿਓ ਵੀ ਫੁੱਟ ਫੁੱਟ ਰੋਏ। ਰਾਤੋ ਰਾਤ ਨਿੱਕੀ ਨੇ ਆਪਣੇ ਮਾਂ ਪਿਓ ਸਮੇਤ ਆਪਣਾ ਪਿੰਡ ਛੱਡ ਦਿੱਤਾ। ਨਿੱਕੀ ਆਪਣੇ ਪਰਿਵਾਰ ਨਾਲ ਅਹੇਜੀ ਜਗਾਹ ‘ਤੇ ਜਾਕੇ ਰਹਿਣ ਲੱਗ ਗਈ ਜਿੱਥੇ ਕਿ ਉਸਦਾ ਸਹੁਰਾ ਪਰਿਵਾਰ ਪਹੁੰਚ ਵੀ ਨਹੀਂ ਕਰ ਸਕਦਾ ਸੀ। ਇਸ ਸਮੇਂ ਦੌਰਾਨ ਨਿੱਕੀ ਡਿਪਰੈਸ਼ਨ ਵਰਗੀ ਬਿਮਾਰੀ ਨਾਲ ਜੂਝਣ ਨੂੰ ਮਜਬੂਰ ਹੋ ਗਈ।
ਡਿਪਰੈਸ਼ਨ ਇੱਕ ਅਹੇਜੀ ਬਿਮਾਰੀ ਹੈ ਜਿਸ ਨਾਲ ਮਨੁੱਖ ਦੀ ਜਿੰਦਗੀ ਜਿਉਣ ਦੀ ਇੱਛਾ ਖਤਮ ਹੋ ਜਾਂਦੀ ਹੈ। ਅਸ਼ੋਕ ਨੂੰ ਬਹੁਤ ਪਿਆਰ ਕਰਦੀ ਸੀ ਨਿੱਕੀ ਪਰ ਮੰਦੇ ਹਾਲਾਤਾਂ ਕਾਰਨ ਉਸਨੂੰ ਉਹ ਘਰ ਛੱਡਣਾ ਪਿਆ। ਹਰ ਪਲ ਉਸਦੇ ਦਿਮਾਗ ‘ਚ ਸਵਾਲਾਂ ਦੀ ਲਹਿਰ ਉੱਠਦੀ ਸੀ ਪਰ ਉਸਨੂੰ ਜਵਾਬ ਨਹੀਂ ਸੀ ਮਿਲਦਾ। ਇਸ ਸਭ ਤੋਂ ਬਾਅਦ ਨਿੱਕੀ ਨੇ ਬਹੁਤ ਵਾਰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਿੱਕੀ ਬਚ ਜਾਂਦੀ। ਇੱਕ ਵਾਰ ਨਿੱਕੀ ਇਸੇ ਤਰਾਂ ਆਪਣੇ ਹੱਥ ‘ਚ ਜ਼ਹਿਰ ਫੜ੍ਹਕੇ ਛੱਤ ‘ਤੇ ਜਾ ਰਹੀ ਸੀ ਕਿ ਇੰਨੇ ਨੂੰ ਨਿੱਕੀ ਦਾ ਪਿਓ ਆਉਂਦਾ ‘ਤੇ ਕਹਿੰਦਾ ਕਿ ‘ਪੁੱਤ ਜਾਂਦੀ ਜਾਂਦੀ ਰੋਟੀ ਤਾਂ ਪਾਕੇ ਦੇਜਾ ‘ ਇਹ ਸੁਣਕੇ ਨਿੱਕੀ ਦੀਆਂ ਅੱਖਾਂ ਭਰ ਆਈਆਂ। ਕਹਿ ਲਵੋ ਕਿ ਉਸ ਦਿਨ ਉਸਨੂੰ ਆਪਣੀ ਅਹਿਮੀਅਤ ਦਾ ਪਤਾ ਲੱਗਾ। ਉਸਨੂੰ ਇਹ ਸਮਝ ਆਈ ਕਿ ਉਸਦੇ ਮਾਪੇ ਉਸਨੂੰ ਕਿੰਨਾ ਪਿਆਰ ਕਰਦੇ ਨੇ। ਆਪਣੇ ਪਿਤਾ ਵੱਲ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਨਿੱਕੀ ਨੇ ਸਿਰ ਹਿਲਾਇਆ ਤੇ ਕਿਹਾ ‘ਹਾਂਜੀ ਬਾਪੂ ਜੀ,ਹੁਣੇ ਦਿੰਦੀ ਆ ਰੋਟੀ ‘ ਨਿੱਕੀ ਭੱਜਕੇ ਚਵਾਰੇ ‘ਚ ਗਈ ਤੇ ਜ਼ਹਿਰ ਨੂੰ ਸੁੱਟਕੇ ਹੱਥ ਸਾਫ਼ ਕਰਕੇ ਆਪਣੇ ਪਿਓ ਲਈ ਰੋਟੀ ਸਬਜ਼ੀ ਬਣਾਉਣ ਲੱਗ ਗਈ। ਰੋਟੀ ਬਣਾਉਂਦੀ ਹੋਈ ਨਿੱਕੀ ਸੋਚ ਰਹੀ ਸੀ ਕਿ ਅੱਜ ਇੰਨੀ ਗਲਤ ਹਰਕਤ ਕਰਕੇ ਮੈਂ ਆਪਣੇ ਰੱਬ ਵਰਗੇ ਮਾਪਿਆਂ ਨੂੰ ਜਿਊਣ ਜੋਗੇ ਨਹੀਂ ਸੀ ਛੱਡਣਾ। ਭੋਲੀ ਜਹੀ ਨਿੱਕੀ ਇਹ ਵੀ ਸੋਚ ਰਹੀ ਸੀ ਕਿ ਨਾਲੇ ਮੇਰੇ ਬਾਪੂ ਨੂੰ ਅਤੇ ਮਾਂ ਨੂੰ ਰੋਟੀ ਕੌਣ ਬਣਾਕੇ ਦਿਆ ਕਰੂ ,,,ਬੱਸ ਇਸਤੋਂ ਬਾਅਦ ਨਿੱਕੀ ਦੀ ਜ਼ਿੰਦਗੀ ‘ਚ ਇਕ ਵਾਰ ਫੇਰ ਉਮੀਦਾਂ ਵਾਲਾ ਸੂਰਜ ਚੜ੍ਹ ਗਿਆ। ਨਿੱਕੀ ਨੂੰ ਸਮਝ ਆਗਿਆ ਸੀ ਕਿ ਆਤਮਹੱਤਿਆ ਕੋਈ ਹੱਲ ਨਹੀਂ ਹੈ
ਨਿੱਕੀ ਨੇ ਠਾਨ ਲਿਆ ਕਿ ਹੁਣ ਉਹ ਦਾਜ ਦੇ ਲੋਭੀਆਂ ਨੂੰ ਸਬਕ ਸਿਖਾਵੇਗੀ। ਨਿੱਕੀ ਨੇ ਪੜ੍ਹਾਈ ਲਿਖਾਈ ਪੂਰੀ ਕਰਕੇ ਆਪਣੀ ਇੱਕ ਸੰਸਥਾ ਬਣਾ ਲਈ। ਜਿਸਦਾ ਨਾਮ ਰੱਖਿਆ ‘ਹੁਣ ਦਰਿੰਦਿਆਂ ਦੀ ਖੈਰ ਨਹੀਂ ‘ ( ਕਾਲਪਨਿਕ ਨਾਮ ) ਇਸ ਸੰਸਥਾ ਰਾਹੀਂ ਨਿੱਕੀ ਨੇ ਓਹਨਾ ਸਾਰੇ ਦਰਿੰਦਿਆਂ ਨੂੰ ਸਬਕ ਸਿਖਾਇਆ ਜੋ ਦਾਜ ਕਾਰਨ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।
ਸਿਮਰਨਜੀਤ ਕੌਰ
ਸੰਪਰਕ
8146726302
ਨੋਟ – ਇਸ ਕਹਾਣੀ ਵਿੱਚ ਜੋ ਵੀ ਤੱਥ ਲਿਖੇ ਗਏ ਹਨ ਉਹ ਸਭ ਕਾਲਪਨਿਕ ਹਨ